ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਖੇਤੀ ਮਸ਼ੀਨਰੀ ਦੀ ਖਰੀਦ ਵਿੱਚ 150 ਕਰੋੜ ਦੇ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ । ਸੂਬੇ ਵਿੱਚ 3 ਸਾਲ ਵਿੱਚ ਖਰੀਦੀਆਂ 11,275 ਮਸ਼ੀਨਾਂ ਦਾ ਕੁਝ ਪਤਾ ਨਹੀਂ ਚੱਲ ਰਿਹਾ। ਇਨ੍ਹਾਂ ਮਸ਼ੀਨਾਂ ਦੀ ਖਰੀਦ ਲਈ ਕੇਂਦਰ ਤੋਂ 1178 ਕਰੋੜ ਰੁਪਏ ਦੀ ਸਬਸਿਡੀ ਆਈ ਸੀ। ਵਿਭਾਗੀ ਜਾਂਚ ਵਿੱਚ ਘੁਟਾਲੇ ਦੇ ਸਬੂਤ ਮਿਲਣ ਤੋਂ ਬਾਅਦ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਵਿਜੀਲੈਂਸ ਜਾਂਚ ਦੀ ਸਿਫ਼ਾਰਸ਼ ਕੀਤੀ ਹੈ । ਇਸ ਤੋਂ ਬਾਅਦ ਉਸ ਸਮੇਂ ਖੇਤੀਬਾੜੀ ਮੰਤਰਾਲਾ ਸੰਭਾਲ ਰਹੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ।
ਪੰਜਾਬ ਵਿੱਚ 2018-19 ਤੋਂ 2021-22 ਦੌਰਾਨ ਕਿਸਾਨਾਂ ਨੂੰ 90,422 ਮਸ਼ੀਨਾਂ ਵੰਡੀਆਂ ਗਈਆਂ ਸੀ । ਖੇਤੀ ਦੇ ਕੰਮਾਂ ਲਈ ਇਨ੍ਹਾਂ ਮਸ਼ੀਨਾਂ ਦੀ ਖਰੀਦ ਲਈ ਕੇਂਦਰ ਤੋਂ ਸਬਸਿਡੀ ਵੀ ਆਈ ਸੀ। ਆਮ ਆਦਮੀ ਪਾਰਟੀ (ਆਪ) ਦੇ ਸੱਤਾ ਵਿੱਚ ਆਉਂਦੇ ਹੀ ਮਸ਼ੀਨਾਂ ਦੀ ਖਰੀਦ ਵਿੱਚ ਘਪਲੇ ਦਾ ਪਰਦਾਫਾਸ਼ ਹੋਣਾ ਸ਼ੁਰੂ ਹੋ ਗਿਆ । ਖੇਤੀਬਾੜੀ ਮੰਤਰੀ ਨੇ ਜ਼ਿਲ੍ਹੇ ਦੇ ਖੇਤੀਬਾੜੀ ਅਧਿਕਾਰੀਆਂ ਤੋਂ ਮਸ਼ੀਨਾਂ ਦੀ ਫਿਜ਼ੀਕਲ ਆਡਿਟ ਕਰਵਾਈ । ਇਸ ਦੌਰਾਨ 3 ਜ਼ਿਲ੍ਹਿਆਂ ਵਿੱਚ ਮਸ਼ੀਨਾਂ ਦਾ ਰਿਕਾਰਡ ਹੀ ਨਹੀਂ ਮਿਲਿਆ । ਇਸ ਦੇ ਨਾਲ ਹੀ ਕੁਝ ਜ਼ਿਲ੍ਹਿਆਂ ਵਿੱਚ ਮਸ਼ੀਨਾਂ ਕਿਸ ਨੂੰ ਦਿੱਤੀਆਂ ਗਈਆਂ ਸਨ, ਇਸ ਦਾ ਪੂਰਾ ਰਿਕਾਰਡ ਵੀ ਨਹੀਂ ਮਿਲ ਸਕਿਆ । 13% ਮਸ਼ੀਨਾਂ ਗਾਇਬ ਮਿਲੀਆਂ । ਘੁਟਾਲੇ ਦੀ ਪੁਸ਼ਟੀ ਹੁੰਦੇ ਹੀ ਮੰਤਰੀ ਨੇ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ।
ਦੱਸ ਦੇਈਏ ਕਿ ਜਿਸ ਸਮੇਂ ਇਹ ਘੁਟਾਲਾ ਹੋਇਆ, ਉਸ ਸਮੇਂ ਖੇਤੀਬਾੜੀ ਮੰਤਰਾਲਾ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸੀ । ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮਸ਼ੀਨਾਂ ਦੀ ਸਹੀ ਵੰਡ ਨੂੰ ਯਕੀਨੀ ਬਣਾਉਣਾ ਵੀ ਕੈਪਟਨ ਦੀ ਜ਼ਿੰਮੇਵਾਰੀ ਸੀ। ਇਸ ਮਾਮਲੇ ਵਿੱਚ ਕੈਪਟਨ ਵੀ ਜਾਂਚ ਦੇ ਘੇਰੇ ਵਿੱਚ ਰਹਿਣਗੇ । ਜੇਕਰ ਲੋੜ ਪਈ ਤਾਂ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ । ਮੰਤਰੀ ਨੇ ਕਿਹਾ ਕਿ ਸਰਕਾਰ 150 ਕਰੋੜ ਰੁਪਏ ਦੀ ਵਸੂਲੀ ਕਰੇਗੀ ਅਤੇ ਜਾਂਚ ਦੌਰਾਨ ਦੋਸ਼ੀ ਵਿਅਕਤੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
Comment here