Indian PoliticsNationNewsPunjab newsWorld

ਲੁਧਿਆਣਾ ਪੁਲਿਸ ਕਮਿਸ਼ਨਰ ਦੀ ਵੱਡੀ ਕਾਰਵਾਈ, ਲਾਪਰਵਾਹੀ ਵਰਤਣ ‘ਤੇ 4 SHO ਤੇ 6 ਮੁਨਸ਼ੀ ਲਾਈਨ ਹਾਜ਼ਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਆਜ਼ਾਦੀ ਦਿਵਸ ਮੌਕੇ ਸੁਰੱਖਿਆ ਪ੍ਰਬੰਧਾਂ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ 4 SHO ਅਤੇ 6 ਮੁਨਸ਼ੀ ਜ਼ਿਲ੍ਹਾ ਪੁਲਿਸ ਨੇ ਲਾਈਨ ਹਾਜ਼ਰ ਕਰ ਦਿੱਤੇ ਹਨ । ਲਾਈਨ ਹਾਜ਼ਰ ਕਰਨ ਦੀ ਵਜ੍ਹਾ ਇਨ੍ਹਾਂ ਅਧਿਕਾਰੀਆਂ ਵੱਲੋਂ ਆਜ਼ਾਦੀ ਦਿਵਸ ਮੌਕੇ ਆਪਣੇ ਥਾਣਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਲਾਪਰਵਾਹੀ ਵਰਤਣਾ ਹੈ।

Ludhiana CP Kaustubh Sharma big action
Ludhiana CP Kaustubh Sharma big action

ਪੰਜਾਬ ਦੇ DGP ਗੌਰਵ ਯਾਦਵ ਦੇ ਹੁਕਮ ਸਨ ਕਿ ਸ਼ਹਿਰ ਦੇ ਚੱਪੇ-ਚੱਪੇ ‘ਤੇ ਨਾਕੇ ਲਗਾਏ ਜਾਣ। ਉੱਥੇ ਹੀ ਦੂਜੇ ਪਾਸੇ ਪੁਲਿਸ ਕਮਿਸ਼ਨਰ ਸ਼ਰਮਾ ਨੇ ਖ਼ੁਦ ਥਾਣਾ ਇੰਚਾਰਜਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ 14 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਸ਼ਹਿਰ ਵਿੱਚ ਹੋਣਗੇ ਤਾਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਹਰ ਸਟੇਸ਼ਨ ਇੰਚਾਰਜ ਵੱਲੋਂ ਆਪਣੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ ਪਰ ਅਜਿਹਾ ਨਹੀਂ ਕੀਤਾ ਗਿਆ । ਇਸ ਦੌਰਾਨ ਅਧਿਕਾਰੀਆਂ ਨੇ ਆਪਣੀ ਡਿਊਟੀ ਨਿਭਾਉਣ ਵਿੱਚ ਲਾਪਰਵਾਹੀ ਵਰਤੀ।

ਜ਼ਿਕਰਯੋਗ ਹੈ ਕਿ 14 ਅਗਸਤ ਦੀ ਰਾਤ ਨੂੰ ਥਾਣਾ ਦੁੱਗਰੀ ਦੀ SHO ਮਨਜੀਤ ਕੌਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ । ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਉਨ੍ਹਾਂ ਨੂੰ ਇਲਾਕੇ ‘ਚ ਨਾਕਾਬੰਦੀ ਬਾਰੇ ਪੁੱਛਿਆ ਤਾਂ ਜਵਾਬ ਵਿੱਚ ਕਿਹਾ ਗਿਆ ਕਿ ਇਲਾਕੇ ਵਿੱਚ ਨਾਕਾਬੰਦੀ ਨਹੀਂ ਕੀਤੀ ਗਈ, ਕਿਉਂਕਿ ਸਟੇਡੀਅਮ ਵਿੱਚ ਫੋਰਸ ਭੇਜੀ ਗਈ ਹੈ। ਐੱਸ.ਐੱਚ.ਓ ਨੇ ਇਲਾਕੇ ਦੀ ਨਾਕਾਬੰਦੀ ਨਾ ਹੋਣ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਵੀ ਨਹੀਂ ਕੀਤਾ। ਸਰਾਭਾ ਨਗਰ ਥਾਣੇ ਦੇ SHO ਹਰਪ੍ਰੀਤ ਸਿੰਘ ਵੀ ਨਾਕਾਬੰਦੀ ਨਾ ਲਗਾਉਣ ਕਰਕੇ ਲਾਈਨ ਹਾਜ਼ਰ ਹੋਏ।

Ludhiana CP Kaustubh Sharma big action
Ludhiana CP Kaustubh Sharma big action

ਦੱਸ ਦੇਈਏ ਕਿ ਜਦੋਂ ਪੁਲਿਸ ਕਮਿਸ਼ਨਰ ਨੇ 14 ਅਗਸਤ ਨੂੰ ਰਾਤ 2 ਵਜੇ ਪਿੰਡ ਝਾਂਡੇ ਨੇੜੇ ਇਲਾਕੇ ਦਾ ਦੌਰਾ ਕੀਤਾ ਤਾਂ ਉਨ੍ਹਾਂ ਦੇਖਿਆ ਕਿ CRPF ਦੇ ਕੁਝ ਜਵਾਨ ਡਿਊਟੀ ਕਰਨ ਦੀ ਬਜਾਏ ਸੁੱਤੇ ਪਏ ਸਨ । ਇਹ ਦੇਖ ਕੇ ਗੁੱਸੇ ਵਿੱਚ ਆਏ ਪੁਲਿਸ ਕਮਿਸ਼ਨਰ ਨੇ ਉਨ੍ਹਾਂ ਨੂੰ ਡਿਊਟੀ ‘ਤੇ ਤਾਇਨਾਤ ਨਾ ਹੋਣ ਦਾ ਕਾਰਨ ਪੁੱਛਿਆ ਤਾਂ ਸੀਆਰਪੀਐਫ ਦੇ ਜਵਾਨਾਂ ਨੇ ਜਵਾਬ ਦਿੱਤਾ ਕਿ ਪੁਲਿਸ ਜਾਂ ਇਲਾਕੇ ਦੇ ਥਾਣੇ ਦਾ ਐਸਐਚਓ ਉਨ੍ਹਾਂ ਕੋਲ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਨੇ ਨਾਕਾਬੰਦੀ ਕਰਨ ਲਈ ਕੋਈ ਫੋਰਸ ਭੇਜੀ ਹੈ।

ਕਮਿਸ਼ਨਰ ਨੇ ਇਸ ਮਾਮਲੇ ਸਬੰਧੀ ਸੀਆਰਪੀਐਫ ਦੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਹੈ, ਜਦਕਿ ਥਾਣਾ ਸਰਾਭਾ ਨਗਰ ਦੇ ਐਸਐਚਓ ਹਰਪ੍ਰੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪੀਏਯੂ ਥਾਣੇ ਦੇ ਐਸਐਚਓ ਸਤਪਾਲ ਨੇ ਵੀ 14 ਅਗਸਤ ਦੀ ਰਾਤ ਨੂੰ ਕੋਈ ਨਾਕਾਬੰਦੀ ਨਹੀਂ ਕੀਤੀ ਤਾਂ ਕਮਿਸ਼ਨਰ ਸ਼ਰਮਾ ਨੇ ਉਨ੍ਹਾਂ ਨੂੰ ਵੀ ਲਾਈਨ ਹਾਜ਼ਰ ਕਰ ਦਿੱਤਾ।

Comment here

Verified by MonsterInsights