ਰਿਲਾਈਂਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੂਤਰਾਂ ਮੁਤਾਬਕ HN ਰਿਲਾਈਂਸ ਫਾਊਂਡੇਸ਼ਨ ਹਸਪਤਾਲ ਦੇ ਡਿਸਪਲੇ ਨੰਬਰ ‘ਤੇ ਅੱਠ ਧਮਕੀ ਭਰੇ ਫ਼ੋਨ ਕਾਲ ਕੀਤੇ ਗਏ ਹਨ।
ਫੋਨ ਕਰਨ ਵਾਲੇ ਨੇ ਤਿੰਨ ਘੰਟਿਆਂ ਵਿੱਚ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ। ਇਸ ਮਾਮਲੇ ਵਿੱਚ ਦਹਿਸਰ ਇਲਾਕੇ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਸਪਤਾਲ ਪ੍ਰਬੰਧਕਾਂ ਨੇ ਇਸ ਮਾਮਲੇ ਸਬੰਧੀ DB ਮਾਰਗ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਮੁੰਬਈ ਪੁਲਿਸ ਨੇ ਤਿੰਨ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਕਿ ਕਾਲ ਕਰਨ ਵਾਲਾ ਉਹੀ ਹੈ ਅਤੇ ਉਸ ਨੇ ਲਗਾਤਾਰ ਅੱਠ ਕਾਲਾਂ ਕੀਤੀਆਂ ਹਨ। ਇਸ ਤੋਂ ਬਾਅਦ ਕਾਲ ਕਰਨ ਵਾਲੇ ਦੀ ਲੋਕੇਸ਼ਨ ਟਰੇਸ ਕਰਕੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਸ ਤੋਂ ਪੁੱਛਗਿੱਛ ਅਜੇ ਜਾਰੀ ਹੈ। ਪੁਲਸ ਨੇ ਦੱਸਿਆ ਹੈ ਕਿ ਸ਼ੁਰੂਆਤੀ ਪੁੱਛਗਿੱਛ ‘ਚ ਫੋਨ ਕਰਨ ਵਾਲਾ ਮਾਨਸਿਕ ਤੌਰ ‘ਤੇ ਪਰੇਸ਼ਾਨ ਜਾਪਦਾ ਹੈ। ਹਾਲਾਂਕਿ ਅਜੇ ਉਸ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ। ਇਸ ਤੋਂ ਪਹਿਲਾਂ ਅੰਬਾਨੀ ਨੂੰ ਧਮਕੀ ਦੀ ਸ਼ਿਕਾਇਤ ਮਿਲਦੇ ਹੀ ਮੁੰਬਈ ਪੁਲਿਸ ਚੌਕਸ ਹੋ ਗਈ ਸੀ।