ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਵੱਡਾ ਐਕਸ਼ਨ ਲੈਂਦੇ ਹੋਏ ਕਾਂਗਰਸੀ ਕੌਂਸਲਰ ਅਮਿਤ ਸ਼ਰਮਾ ਮਿੱਤੂ ਗ੍ਰਿਫ਼ਤਾਰ ਕੀਤਾ ਹੈ। ਕੌਂਸਲਰ ਪਠਾਨਕੋਟ ਦੇ ਸੁਜਾਨਪੁਰ ਤੋਂ ਵਿਧਾਇਕ ਨਰੇਸ਼ ਪੁਰੀ ਦਾ ਕਰੀਬੀ ਹੈ। ਅਮਿਤ ਸ਼ਰਮਾ ਮਿੱਤੂ ‘ਤੇ ਪਹਿਲਾਂ ਵੀ ਕਈ ਨਾਜਾਇਜ਼ ਮਾਈਨਿੰਗ ਦੇ ਕੇਸ ਹਨ। ਪੁਲਿਸ ਲੰਮੇ ਸਮੇਂ ਤੋਂ ਮਿੱਤੂ ਦੀ ਭਾਲ ਕਰ ਰਹੀ ਸੀ।
ਬਮਿਆਲ ਪੁਲਸ ਨੇ ਸੋਮਵਾਰ ਦੇਰ ਰਾਤ ਅਮਿਤ ਕੁਮਾਰ ਨੂੰ ਮਾਮੂਨ ਤੋਂ ਗ੍ਰਿਫਤਾਰ ਕੀਤਾ। ਅਮਿਤ ਕੁਮਾਰ ਪਠਾਨਕੋਟ ਨਗਰ ਨਿਗਮ ਅਧੀਨ ਪੈਂਦੇ ਵਾਰਡ ਮਾਮੂਨ ਤੋਂ ਕੌਂਸਲਰ ਹਨ। ਦੱਸ ਦਈਏ ਕਿ ਕਰੀਬ ਚਾਰ ਮਹੀਨੇ ਪਹਿਲਾਂ ਕਥਿਤ ਦੋਸ਼ੀ ਅਮਿਤ ਕੁਮਾਰ ਦੇ ਖਿਲਾਫ ਸੁਜਾਨਪੁਰ ‘ਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਹੋਇਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਵਿਧਾਇਕ ਨਰੇਸ਼ ਪੁਰੀ ਨੇ ਥਾਣਾ ਸੁਜਾਨਪੁਰ ਦੇ ਬਾਹਰ ਧਰਨਾ ਦੇ ਕੇ ਪਾਰਟੀ ਸਮਰਥਕਾਂ ਨਾਲ ਨਾਰਾਜ਼ਗੀ ਜ਼ਾਹਰ ਕੀਤੀ।
ਜਾਣਕਾਰੀ ਮੁਤਾਬਕ 7 ਅਗਸਤ ਨੂੰ ਪੁਲਿਸ ਚੌਕੀ ਬਮਿਆਲ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਰੋਟਾ ਨੇੜੇ ਕੁਝ ਵਿਅਕਤੀ ਉਜ ਨਦੀ ਦੇ ਕੰਢੇ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਇਸ ਤੋਂ ਬਾਅਦ ਮਾਈਨਿੰਗ ਵਿਭਾਗ ਦੇ ਜੂਨੀਅਰ ਇੰਜਨੀਅਰ ਸੁਖਦੀਪ ਸਿੰਘ ਅਤੇ ਪੁਲਿਸ ਪਾਰਟੀ ਨੇ ਰਾਤ 8:45 ਵਜੇ ਪਿੰਡ ਸਰੋਟਾ ਵਿੱਚ ਉਪਰੋਕਤ ਥਾਂ ’ਤੇ ਛਾਪਾ ਮਾਰਿਆ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਨਾਜਾਇਜ਼ ਮਾਈਨਿੰਗ ਦਾ ਧੰਦਾ ਅੰਨ੍ਹੇਵਾਹ ਚੱਲ ਰਿਹਾ ਹੈ।
ਪੁਲਿਸ ਪਾਰਟੀ ਅਤੇ ਮਾਈਨਿੰਗ ਟੀਮ ਨੂੰ ਆਉਂਦੀ ਦੇਖ ਕੇ ਨਾਜਾਇਜ਼ ਮਾਈਨਿੰਗ ਕਰ ਰਹੇ ਲੋਕ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੇ ਨਾਲ ਹੀ ਪੁਲਿਸ ਨੇ ਜਾਂਚ ਤੋਂ ਬਾਅਦ ਜੂਨੀਅਰ ਇੰਜੀਨੀਅਰ ਸੁਖਦੀਪ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਜੈਸ਼ੰਕਰ ਸਟੋਨ ਕਰੱਸ਼ਰ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਬਮਿਆਲ ਪੁਲਿਸ ਨੇ 15 ਅਗਸਤ ਦੀ ਰਾਤ ਨੂੰ ਅਮਿਤ ਕੁਮਾਰ ਨੂੰ ਕਾਬੂ ਕਰ ਲਿਆ।