ਮੋਹਾਲੀ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਦਾਲਤ ਨੇ ਦੋ ਪੁਲਿਸ ਅਧਿਕਾਰੀਆਂ ਨੂੰ 1992 ਵਿੱਚ ਅੰਮ੍ਰਿਤਸਰ ਵਿਖੇ ਝੂਠੇ ਮੁਕਾਬਲੇ ਵਿੱਚ ਚਾਰ ਵਿਅਕਤੀਆਂ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ। ਦੋਸ਼ੀਆਂ ਨੂੰ 16 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪੁਲਿਸ ਥਾਣਾ ਮਹਿਤਾ ਦੇ ਤਤਕਾਲੀ ਵਧੀਕ ਐੱਸਐੱਚਓ ਕਿਸ਼ਨ ਸਿੰਘ ਤੇ ਐੱਸਆਈ ਤਰਸੇਮ ਲਾਲ ਸ਼ਾਮਲ ਹਨ ਜਦੋਂ ਕਿ ਮਾਮਲੇ ਦੇ ਮੁੱਖ ਦੋਸ਼ੀ ਐੱਸਐੱਚਓ ਇੰਸਪੈਕਟਰ ਰਾਜਿੰਦਰ ਸਿੰਘ ਦੀ ਟ੍ਰਾਇਲ ਦੌਰਾਨ ਮੌਤ ਹੋ ਗਈ ਸੀ।
ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਕੁਮਾਰ ਗੁਪਤਾ ਨੇ ਉਨ੍ਹਾਂ ਨੂੰ ਧਾਰਾ 302 (ਕਤਲ), 201 (ਅਪਰਾਧ ਦੇ ਸਬੂਤ ਗਾਇਬ ਕਰਨ), 218 (ਲੋਕ ਸੇਵਕ ਦਾ ਅਪਰਾਧ), ਕਿਸੇ ਵਿਅਕਤੀ ਨੂੰ ਸਜ਼ਾ ਜਾਂ ਜਾਇਦਾਦ ਨੂੰ ਜ਼ਬਤ ਹੋਣ ਤੋਂ ਬਚਾਉਣ ਦੇ ਇਰਾਦੇ ਨਾਲ ਗਲਤ ਰਿਕਾਰਡ ਬਣਾਉਣਾ ਜਾਂ ਲਿਖਣਾ) ਅਤੇ ਧਾਰਾ 34 (ਅੱਗੇ ਕਈ ਵਿਅਕਤੀਆਂ ਦੁਆਰਾ ਕੀਤੇ ਗਏ ਕੰਮ) ਸਾਂਝੇ ਇਰਾਦੇ ਦਾ ਦੇ ਤਹਿਤ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ।
ਮਾਮਲਾ 1992 ਦਾ ਹੈ। ਮੱਧ ਪ੍ਰਦੇਸ਼ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੇ ਤਿੰਨ ਦੋਸ਼ੀ ਸਾਹਿਬ ਸਿੰਘ, ਦਲਬੀਰ ਸਿੰਘ ਤੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਬਾਅਦ ਅੰਮ੍ਰਿਤਸਰ ਦੇ ਥਾਣਾ ਮਹਿਤਾ ਦੀ ਪੁਲਿਸ ਨੇ ਦੋਸ਼ੀਆਂ ਦਾ ਪ੍ਰੋਡਕਸ਼ਨ ਵਾਰੰਟ ਲਿਆ। ਪੁਲਿਸ ਦੋਸ਼ੀਆਂ ਨੂੰ ਸੀਆਈਏ ਮਜੀਠਾ ਲਾਲ ਮੰਡੀ ਪੁੱਛਗਿਛ ਲਈ ਲਿਆਈ। ਇਥੇ ਪੁਲਿਸ ਨੇ ਤਿੰਨਾਂ ਦੋਸ਼ੀਆਂ ਤੇ ਇਕ ਹੋਰ ਵਿਅਕਤੀ ਨੂੰ ਮਾਰ ਦਿੱਤਾ। ਚਾਰਾਂ ਵਿਅਕਤੀਆਂ ਦੀਆਂ ਲਾਸ਼ਾਂ ਦਾ ਦੁਰਗਿਆਣਾ ਸ਼ਮਸ਼ਾਨਘਾਟ, ਸ਼ੀਤਲਾ ਮੰਦਰ, ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਸਸਕਾਰ ਵੀ ਕਰ ਦਿੱਤਾ ਗਿਆ।
ਮ੍ਰਿਤਕਾਂ ਵਿੱਚੋਂ ਤਿੰਨ ਦੀ ਪਛਾਣ ਸਾਹਿਬ ਸਿੰਘ, ਦਲਬੀਰ ਸਿੰਘ ਉਰਫ਼ ਕਾਲਾ ਅਤੇ ਬਲਵਿੰਦਰ ਸਿੰਘ ਵਜੋਂ ਹੋਈ ਹੈ, ਜਦਕਿ ਚੌਥਾ ਮ੍ਰਿਤਕ ਬਲਵੰਤ ਸਿੰਘ ਹੈ। ਸਾਰੇ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਸਨ। ਸੀਬੀਆਈ ਨੇ 1997 ਵਿੱਚ ਕੇਸ ਦਰਜ ਕੀਤਾ ਸੀ। ਕਾਹਨ ਸਿੰਘ ਦੀ ਸ਼ਿਕਾਇਤ ਤੋਂ ਬਾਅਦ, ਸੀਬੀਆਈ ਨੇ 28 ਫਰਵਰੀ, 1997 ਨੂੰ ਕੇਸ ਦਰਜ ਕੀਤਾਅਤੇ ਤਿੰਨੋਂ ਦੋਸ਼ੀਆਂ ਨੂੰ ਆਈ.ਪੀ.ਸੀ. ਦੀ ਧਾਰਾ 302/201/218 ਦੇ ਤਹਿਤ ਸਜ਼ਾਯੋਗ ਅਪਰਾਧ ਲਈ ਚਾਰਜਸ਼ੀਟ ਕੀਤਾ। 1 ਫਰਵਰੀ 1999 ਨੂੰ ਚਲਾਨ ਪੇਸ਼ ਕੀਤਾ ਗਿਆ ਅਤੇ 20 ਅਕਤੂਬਰ 2006 ਤੱਕ ਸਾਰੇ ਸਬੂਤ ਦਰਜ ਕੀਤੇ ਗਏ, ਪਰ ਇਸ ਤੋਂ ਬਾਅਦ ਉੱਚ ਅਦਾਲਤਾਂ ਦੁਆਰਾ ਕੇਸ ‘ਤੇ ਰੋਕ ਲਗਾ ਦਿੱਤੀ ਗਈ। ਇਸ ਤੋਂ ਬਾਅਦ, ਇਹ ਕੇਸ ਵਾਪਸ ਸੀਬੀਆਈ ਅਦਾਲਤ ਮੋਹਾਲੀ ਨੂੰ ਵਾਪਸ ਕਰ ਦਿੱਤਾ ਗਿਆ ਸੀ, ਜਿਸ ਕਾਰਨ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ।
ਪੀੜਤ ਪਰਿਵਾਰ ਨੇ ਕਿਹਾ ਕਿ ਸਾਨੂੰ ਇਨਸਾਫ਼ ਮਿਲਣ ਵਿੱਚ 30 ਸਾਲ ਲੱਗ ਗਏ। ਪੀੜਤ ਸਾਹਿਬ ਸਿੰਘ ਦੇ ਪਿਤਾ ਕਾਹਨ ਸਿੰਘ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਉਨ੍ਹਾਂ ਨੂੰ ਇਸ ਕੇਸ ਵਿੱਚ ਨਿਆਂ ਮਿਲਣ ਵਿੱਚ ਦੋ ਦਹਾਕਿਆਂ ਤੋਂ ਵੱਧ ਸਮਾਂ ਲੱਗ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਮੇਰਾ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਸੀ। ਮੈੰ ਮਾਨਸਿਕ ਤੌਰ ‘ਤੇ ਅਸਥਿਰ ਹੋ ਗਿਆ ਸੀ। ਉਨ੍ਹਾਂ ਕਿਹਾ ਕਿ 1989 ਵਿਚ ਉਨ੍ਹਾਂ ਦਾ ਪੁੱਤ ਘਰ ਤੋਂ ਚਲਾ ਗਿਆ ਸੀ। ਉਹ ਦਿੱਲੀ ਵਿਚ ਟਰੱਕ ਡਰਾਈਵਰੀ ਕਰਦਾ ਸੀ। ਉਨ੍ਹਾਂ ਨੂੰ ਅਖਬਾਰ ਤੋਂ ਪਤਾ ਲੱਗਾ ਸੀ ਕਿ ਸਾਹਿਬ ਸਿੰਗ ਨੂੰ 14 ਸਤੰਬਰ 1992 ਨੂੰ ਪੁਲਿਸ ਮੁਕਾਬਲੇ ਵਿਚ ਤਿੰਨ ਹੋਰ ਲੋਕਾਂ ਨਾਲ ਮਾਰ ਦਿੱਤਾ ਗਿਆ। ਉਹ ਜਦੋਂ ਹੋਰ ਪਿੰਡ ਵਾਲਿਆਂ ਨਾਲ ਪੁਲਿਸ ਸਟੇਸ਼ਨ ਗਿਆ ਤਾਂ ਮੁਨਸ਼ੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਸਾਹਿਬ ਸਿੰਘ ਦਾ ਸਸਕਾਰ ਕਰ ਚੁੱਕੇ ਹਨ।