ਵਿਜੀਲੈਂਸ ਬਿਊਰੋ ਨੇ ਪੁਲਿਸ ਅਸਿਸਟੈਂਟ ਸਬ ਇੰਸਪੈਕਟਰ (ਏਐੱਸਆਈ) ਨੂੰ 4000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ। ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਏਐੱਸਆਈ ਨੂੰ 1 ਦਿਨ ਦਾ ਰਿਮਾਂਡ ਲਿਆ ਗਿਆ। ਦੋਸ਼ੀ ਏਐੱਸਆਈ ਪੀੜਤ ਤੋਂ ਪਹਿਲਾਂ ਵੀ 2500 ਰੁਪਏ ਲੈ ਚੁੱਕੇ ਸੀ ਤੇ ਹੋਰ 4000 ਦੀ ਮੰਗ ਕਰ ਰਿਹਾ ਸੀ।
ਵਿਜੀਲੈਂਸ ਬਿਊਰੋ ਪੰਜਾਬ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਨੂੰ ਮਿਟਾਉਣ ਦੇ ਉਦੇਸ਼ ਨਾਲ ਚੱਲ ਰਹੀ ਮੁਹਿੰਮ ਦੌਰਾਨ ਵੀਰਵਾਰ ਨੂੰ ਬਰਨਾਲਾ ਜ਼ਿਲ੍ਹੇ ਦੇ ਸ਼ਹਿਣਾ ਥਾਣੇ ਵਿਚ ਤਾਇਨਾਤ ਏਐੱਸਆਈ ਜੋਗਿੰਦਰ ਸਿੰਘ ਨੂੰ 4000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਦੇ ਡੀਐੱਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜੁਗਰਾਜ ਸਿੰਘ ਦੀ ਸ਼ਿਕਾਇਤ ‘ਤੇ ਬਰਨਾਲਾ ਦੇ ਸ਼ਹਿਣਾ ਤੋਂ ਦੋਸ਼ੀ ਏਐੱਸਆਈ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉੁਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ ਤੇ ਦੋਸ਼ ਲਗਾਇਆ ਹੈ ਕਿ ਉਸ ਨੂੰ ਕੁਝ ਲੋਕਾਂ ਨੇ ਕੁੱਟਿਆ ਸੀ ਤੇ ਥਾਣੇ ਵਿਚ ਸਬੰਧਤ ਏਐੱਸਆਈ ਦੂਜੇ ਪੱਖ ਖਿਲਾਫ ਮਾਮਲਾ ਦਰਜ ਕਰਨ ਲਈ ਉਸ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਏਐਸਆਈ ਪਹਿਲਾਂ ਇਸ ਸਬੰਧ ਵਿਚ 2500 ਰੁਪਏ ਲੈ ਚੁੱਕਾ ਹੈ ਤੇ ਉਸ ਦੀ ਸ਼ਿਕਾਇਤ ‘ਤੇ ਕਾਰਵਾਈ ਕਰਨ ਲਈ 4000 ਰੁਪਏ ਤੇ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤ ਵਿਚ ਤੱਥਾਂ ਦੇ ਆਧਾਰ ‘ਤੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਜਾਲ ਵਿਛਾਇਆ ਤੇ ਏਐੱਸਆਈ ਦੇ ਦੋ ਅਧਿਕਾਰਕ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 4000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ।
ਵਿਜੀਲੈਂਸ ਵਿਭਾਗ ਨੇ ਥਾਣਾ ਪਟਿਆਲਾ ਵਿਚ ਦੋਸ਼ੀ ਪੁਲਿਸ ਅਧਿਕਾਰੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਨਿਯਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਏਐੱਸਆਈ ਦਾ 1 ਦਿਨ ਦਾ ਰਿਮਾਂਡ ਲਿਆ ਗਿਆ ਹੈ।
Comment here