ਅੱਜ ਭੈਣਾਂ ਵੱਲੋਂ ਰੱਖੜੀ ਦਾ ਤਿਉਹਾਰ ਬੜੀ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਰੱਖੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਉਸ ਵੇਲੇ ਗ਼ਮ ‘ਚ ਬਦਲ ਗੀਆਂ ਜਦੋਂ ਰੱਖੀ ਬੰਨ੍ਹ ਕੇ ਵਾਪਸ ਪਰਤ ਰਹੀ ਭੈਣ ਤੇ ਉਸ ਦੇ ਪਤੀ ਦੀ ਹਾਦਸੇ ਦੌਰਾਨ ਮੌਤ ਹੋ ਗਈ। ਹਾਦਸੇ ਵਿੱਚ ਦੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਮਾਮਲਾ ਬਟਾਲਾ ਜ਼ਿਲ੍ਹੇ ਅਧੀਨ ਪੈਂਦੇ ਕੈਦੀਆਂ ਤੋਂ ਸਾਹਮਣੇ ਆਇਆ।
ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਜੀਤ ਕੌਰ ਦੇ ਭਰਾ ਅਤੇ ਮਾਂ ਨੇ ਦੱਸਿਆ ਕਿ ਗੁਰਜੀਤ ਕੌਰ ਆਪਣੇ ਪਤੀ ਸਤਨਾਮ ਸਿੰਘ ਅਤੇ ਆਪਣੇ ਦੋ ਬੱਚਿਆਂ ਦੇ ਨਾਲ ਰੱਖੜੀ ਬੰਨ੍ਹਣ ਲਈ ਕੱਲ੍ਹ ਸ਼ਾਮ ਪਿੰਡ ਭਾਮੜੀ ਆਈ ਸੀ। ਅੱਜ ਤੜਕੇ ਸਾਢੇ ਚਾਰ ਵਜੇ ਜਦੋਂ ਉਹ ਵਾਪਸ ਆਪਣੇ ਪਿੰਡ ਜਾ ਰਹੇ ਸੀ ਤਾਂ ਰਸਤੇ ਵਿਚ ਉਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ, ਜਿਸ ਨਾਲ ਗੁਰਜੀਤ ਕੌਰ ਅਤੇ ਉਸ ਦੇ ਪਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਬੱਚੇ ਗੰਭੀਰ ਜ਼ਖ਼ਮੀ ਹੋ ਗਏ।

ਬੱਚਿਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵੇਖਣ ‘ਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਕਿਸੇ ਅਣਪਛਾਤੇ ਵਾਹਨ ਨੇ ਸਾਈਡ ਮਾਰੀ ਹੋਵੇ ਅਤੇ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਅ ਗਈ ਹੋਵੇ, ਪਰਿਵਾਰ ਨੇ ਦੱਸਿਆ ਕਿ ਕਾਰ ਦੀ ਹਾਲਤ ਇੰਨੀ ਬੁਰੀ ਸੀ ਕਿ ਲਾਸ਼ਾਂ ਨੂੰ ਟਰੈਕਟਰ-ਟਰਾਲੀ ਦੇ ਨਾਲ ਬਾਹਰ ਕੱਢਣਾ ਪਿਆ, ਉੱਥੇ ਹੀ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਉਥੇ ਹੀ ਇਸ ਹਾਦਸੇ ਬਾਰੇ ਹਰਚੋਵਾਲ ਦੇ ਚੌਕੀ ਇੰਚਾਰਜ ਵਿਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਵੇਰੇ ਇਸ ਬਾਰੇ ਜਾਣਕਾਰੀ ਮਿਲੀ ਸੀ, ਜਿਸ ‘ਤੇ ਅਸੀਂ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਬਾਕੀ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ।
Comment here