ਦਿੱਲੀ ਵਿਚ ਮੰਕੀਪੌਕਸ ਦਾ ਦੂਜਾ ਮਰੀਜ਼ ਮਿਲਿਆ ਹੈ। ਦਿੱਲੀ ਵਿਚ ਰਹਿਣ ਵਾਲਾ 35 ਸਾਲ ਦਾ ਨਾਈਜੀਰੀਆਈ ਵਿਅਕਤੀ ਮੰਕੀਪੌਕਸ ਨਾਲ ਸੰਕਰਮਿਤ ਪਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਰੀਜ਼ ਦੀ ਕੋਈ ਟ੍ਰੈਵਲ ਹਿਸਟਰੀ ਵੀ ਨਹੀਂ ਹੈ। ਦੇਸ਼ ਵਿਚ ਮੰਕੀਪੌਕਸ ਸੰਕਰਮਿਤਾਂ ਦਾ ਅੰਕੜਾ ਵਧ ਕੇ 6 ਤੱਕ ਪਹੁੰਚ ਚੁੱਕਾ ਹੈ।
ਨਾਈਜੀਰੀਆਈ ਨਾਗਰਿਕ ਨੂੰ ਇਲਾਜ ਲਈ ਦਿੱਲੀ ਸਰਕਾਰ ਵੱਲੋਂ ਸੰਚਾਲਿਤ ਨੋਡਲ ਹਸਪਤਾਲ LNJP ਵਿਚ ਭਰਤੀ ਕਰਾਇਆ ਗਿਆ ਹੈ। ਉਸ ਨੂੰ ਪਿਛਲੇ 5 ਦਿਨਾਂ ਤੋਂ ਛਾਲੇ ਤੇ ਬੁਖਾਰ ਹਨ। ਮਰੀਜ਼ ਦੇ ਨਮੂਨੇ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੌਲੌਜੀ ਭੇਜੇ ਗਏ ਸਨ। ਆਈ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਹ ਮੰਕੀਪੌਕਸ ਵਾਇਰਸ ਤੋਂ ਪੀੜਤ ਹੈ।

LNJP ਹਸਪਤਾਲ ਵਿਚ ਅਫਰੀਕੀ ਮੂਲ ਦੇ ਦੋ ਹੋਰ ਸ਼ੱਕੀ ਮਰੀਜ਼ਾਂ ਨੂੰ ਭਰਤੀ ਕਰਾਇਆ ਗਿਆ ਹੈ। ਰਾਜਸਥਾਨ ਵਿਚ ਵੀ ਅੱਜ ਇਕ ਮੰਕੀਪੌਕਸ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। 20 ਸਾਲ ਦਾ ਇਹ ਮਰੀਜ਼ ਰਾਜਸਥਾਨ ਦੇ ਕਿਸ਼ਨਗੜ੍ਹ ਦਾ ਹੈ ਜਿਸ ਨੂੰ ਜੈਪੁਰ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਿਚ ਭਰਤੀ ਕਰਾਇਆ ਗਿਆ ਹੈ। ਉਸ ਦੇ ਸੈਂਪਲ ਨੂੰ ਫਿਲਹਾਲ ਪੁਣੇ ਭੇਜਿਆ ਜਾ ਚੁੱਕਾ ਹੈ। ਦੱਸ ਦੇਈਏ ਕਿ ਦੇਸ਼ ਵਿਚ 22 ਸਾਲਾ ਮੰਕੀਪੌਕਸ ਸੰਕਰਮਿਤ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਉਹ ਯੂਏਈ ਤੋਂ ਪਰਤਿਆ ਸੀ।
Comment here