Site icon SMZ NEWS

ਭ੍ਰਿਸ਼ਟਾਚਾਰ ਖਿਲਾਫ ਕਾਰਵਾਈ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸਣੇ 6 ‘ਤੇ ਮਾਮਲਾ ਦਰਜ, PA ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ, ਇਸੇ ਅਧੀਨ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ.) ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਣੀਅਮ ਸਣੇ 6 ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਹੈ।

ਵਿਜੀਲੈਂਸ ਵੱਲੋਂ ਬਾਲਾਸੁਬਰਾਮਣੀਅਮ ਤੋਂ ਇਲਾਵਾ ਕਾਰਜਕਾਰੀ ਅਧਿਕਾਰੀ ਕੁਲਜੀਤ ਕੌਰ, ਐਸ.ਡੀ.ਓ ਅੰਕਿਤ ਨਾਰੰਗ, ਸੇਲਜ਼ ਕਲਰਕ ਪਰਵੀਨ ਕੁਮਾਰ, ਗਗਨਦੀਪ ਕਲਰਕ ਤੇ ਸੰਦੀਪ ਸ਼ਰਮਾ ਦਾ ਪੀ.ਏ. ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਪੀਏ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।

LIT former chairman and

ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਇੰਪਰੂਵਮੈਂਟ ਟਰੱਟ (LIT) ਦੇ ਜੂਨੀਅਰ ਸਹਾਇਕ ਹਰਮੀਤ ਸਿੰਘ ਅਤੇ ਕਾਰਜਕਾਰੀ ਅਧਿਕਾਰੀ ਕੁਲਜੀਤ ਕੌਰ ਨੂੰ 14 ਜੁਲਾਈ 2022 ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਐਫ.ਆਈ.ਆਰ ਨੰ. 8 ਮਿਤੀ 14.07.2022 ਉ/ਸ 7, ਭ੍ਰਿਸ਼ਟਾਚਾਰ ਰੋਕੂ ਐਕਟ ਦੀ 7ਏ ਅਤੇ 120-ਬੀ ਆਈ.ਪੀ.ਸੀ. ਥਾਣਾ ਵੀ.ਬੀ. ਲੁਧਿਆਣਾ ਵਿਖੇ ਪਹਿਲਾਂ ਹੀ ਦਰਜ ਕੀਤਾ ਗਿਆ ਹੈ।

ਇਸ ਰਿਸ਼ਵਤ ਕਾਂਡ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਐਲ.ਆਈ.ਟੀ ਦੇ ਅਧਿਕਾਰੀਆਂ ਨੇ ਪਲਾਟ ਨੰ. 9-ਬੀ ਐਸ.ਬੀ.ਐਸ ਨਗਰ, ਪਲਾਟ ਨੰ. 102, 103, 104, 105, 106-ਡੀ ਰਿਸ਼ੀ ਨਗਰ ਵਿੱਚ ਅਤੇ ਪਲਾਟ ਨੰ. 366-ਬੀ, 140 ਸਰਾਭਾ ਨਗਰ ਵਿੱਚ ਜੋਕਿ ਲੋਕਲ ਡਿਸਪਲੇਸਡ ਪਰਸਨਜ਼ (ਐਲਡੀਪੀ) ਅਤੇ ਟਰੱਸਟ ਦੀਆਂ ਹੋਰ ਸਕੀਮਾਂ ਅਧੀਨ ਆਉਂਦੇ ਹਨ, ਅਣ-ਅਧਿਕਾਰਤ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਰਿਸ਼ਵਤ ਲੈ ਕੇ ਅਲਾਟ ਕੀਤੇ ਸਨ। ਕੁਝ ਅਲਾਟੀਆਂ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ ਪਲਾਟ ਕੁਝ ਅਣ-ਅਧਿਕਾਰਤ ਵਿਅਕਤੀਆਂ ਨੂੰ ਰਿਸ਼ਵਤ ਲੈ ਕੇ ਤੈਅ ਨਿਯਮਾਂ ਦੀ ਉਲੰਘਣਾ ਕਰਕੇ ਅਲਾਟ ਕੀਤੇ ਗਏ ਸਨ।

ਇਸ ਸਬੰਧੀ ਐਫ.ਆਈ.ਆਰ ਨੰਬਰ 09 ਅਧੀਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 8, 12, 13 (2) ਅਤੇ ਆਈਪੀਸੀ ਦੀ ਧਾਰਾ 409, 420, 467, 471, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਪੁਲਿਸ ਸਟੇਸ਼ਨ ਲੁਧਿਆਣਾ ਵਿਖੇ ਬਿਊਰੋ ਦੇ ਆਰਥਿਕ ਅਪਰਾਧ ਸ਼ਾਖਾ ਅਤੇ ਐਲ.ਆਈ.ਟੀ. ਦੇ ਮੁਲਜ਼ਮਾਂ/ਅਧਿਕਾਰੀਆਂ ਵਿਰੁੱਧ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Exit mobile version