ਪਟਿਆਲਾ ਦੇ ਨਿਊ ਮਹਿਮਦਪੁਰ ਵਾਸੀ ਰਾਮ ਸਿੰਘ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹ ਗਏ। ਰਾਮ ਸਿੰਘ ਦੀ ਮੰਗ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਹ ਟੈਂਕੀ ਤੋਂ ਥੱਲੇ ਨਹੀਂ ਉਤਰਨਗੇ।
ਰਾਮ ਸਿੰਘ ਦੇ ਬੇਟੇ ਹਰਵੀਰ ਸਿੰਘ ਨੇ ਦੱਸਿਆ ਕਿ ਲਗਭਗ 8 ਮਹੀਨੇ ਪਹਿਲਾਂ ਉਨ੍ਹਾਂ ਦਾ ਗੁਆਂਢੀ ਜਗਜੀਤ ਸਿੰਘ ਤੇ ਬੇਟਾ ਸੁੱਖਪਾਲ ਸਿੰਘ ਨਾਲ ਝਗੜਾ ਹੋਇਆ ਸੀ। ਜਗਜੀਤ ਸਿੰਘ ਤੇ ਉਸ ਬੇਟੇ ਸੁੱਖਪਾਲ ਸਿੰਘ ਨੇ ਉਸ ਦੇ ਪਿਤਾ ਦੀ ਕਾਫੀ ਕੁੱਟਮਾਰ ਕੀਤੀ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ। ਇਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਥੇ ਉਹ ਕਾਫੀ ਦਿਨ ਜ਼ੇਰੇ ਇਲਾਜ ਰਹੇ।
ਇਲਾਜ ਕਰਵਾਉਣ ਤੋਂ ਬਾਅਦ ਉਹ ਸ਼ਿਕਾਇਤ ਕਰਨ ਲਈ ਪੁਲਿਸ ਕੋਲ ਪੁੱਜੇ ਪਰ ਪੁਲਿਸ ਮੁਲਜ਼ਮਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਕਾਰਨ ਅੱਜ ਉਸ ਦੇ ਪਿਤਾ ਇਨਸਾਫ਼ ਲਈ ਪਾਣੀ ਵਾਲੀ ਟੈਂਕੀ ਉਤੇ ਚੜ੍ਹਨ ਲਈ ਮਜਬੂਰ ਹੋ ਗਏ ਹਨ।
ਕੁੱਟਮਾਰ ਕਰਨ ਦੇ ਦੋਸ਼ ਵਿਚ ਪੁਲਿਸ ਨੇ ਜਗਜੀਤ ਸਿੰਘ, ਸੁਖਪਾਲ ਸਿੰਘ, ਜਸਪਾਲ ਕੌਰ ਤੇ ਹਰਪ੍ਰੀਤ ਕੌਰ ‘ਤੇ ਐੱਫਆਈਆਰ ਦਰਜ ਕੀਤੀ ਸੀ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ। ਰਾਮ ਸਿੰਘ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਟੈਂਕੀ ‘ਤੇ ਹੀ ਆਤਮਹੱਤਿਆ ਕਰ ਲੈਣਗੇ।
Comment here