ਚੰਡੀਗੜ੍ਹ ਦੀ ਤਰਜ਼ ‘ਤੇ ਪੰਜਾਬ ‘ਚ ਵੀ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਘਰ ਚਲਾਨ ਪਹੁੰਚੇਗਾ। ਇਸ ਦੇ ਲਈ ਸੂਬੇ ਦੇ ਵੱਡੇ ਸ਼ਹਿਰਾਂ ਵਿੱਚ ਹਾਈਟੈਕ ਕੈਮਰੇ ਲਗਾਏ ਜਾਣਗੇ। ਪਹਿਲੇ ਪੜਾਅ ਵਿੱਚ ਲੁਧਿਆਣਾ ਵਿੱਚ 1400 ਕੈਮਰੇ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਚਾਲਾਨ ਡਾਕੀਏ ਰਾਹੀਂ ਭੇਜੇ ਜਾਣਗੇ।
ਟਰਾਂਸਪੋਰਟ ਵਿਭਾਗ ਨੇ ਪੰਜਾਬ ਵਿੱਚ ਨਵੇਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਦੀ ਰਕਮ ਵਿੱਚ ਵਾਧਾ ਕਰਨ ਦੇ ਨਾਲ-ਨਾਲ ਸਜ਼ਾ ਦੀਆਂ ਵਿਵਸਥਾਵਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਓਵਰਸਪੀਡਿੰਗ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਸਜ਼ਾ ਦੇ ਤੌਰ ‘ਤੇ ਸਕੂਲ ‘ਚ ਸੜਕ ਸੁਰੱਖਿਆ ਅਤੇ ਹਸਪਤਾਲ ‘ਚ ਖੂਨਦਾਨ ਕਰਨ ਦਾ ਬਦਲ ਰਖਿਆ ਗਿਆ ਹੈ।
ਪੰਜਾਬ ਪੁਲਿਸ ਤੇਜ਼ ਰਫ਼ਤਾਰ ਵਾਹਨਾਂ ਦੀ ਜਾਂਚ ਲਈ ਸਪੀਡੋਮੀਟਰ ਖਰੀਦੇਗੀ। ਪਹਿਲੇ ਪੜਾਅ ਵਿੱਚ 66 ਸਪੀਡੋਮੀਟਰ ਖਰੀਦੇ ਜਾਣਗੇ। ਇਸ ਤੋਂ ਇਲਾਵਾ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਲਈ 203 ਅਲਕੋਮੀਟਰ ਅਤੇ ਇਸ ਨਾਲ ਸਬੰਧਤ 350 ਕਿੱਟਾਂ ਵੀ ਖਰੀਦੀਆਂ ਜਾਣਗੀਆਂ।
ਨਵੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ 422 ਪੁਲਿਸ ਥਾਣਾ ਹਲਿਕਾਂ ਵਿੱਚ ਟ੍ਰੈਫਿਕ ਨਾਕੇ ਲਾਏ ਜਾਣਗੇ। ਇਸ ਦੇ ਲਈ 81 ਏਐਸਆਈ ਰੈਂਕ ਦੇ ਅਧਿਕਾਰੀਆਂ ਦੀ ਟੀਮ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਡੀ.ਐੱਸ.ਪੀ. ਰੈਂਕ ਦੇ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਜਾ ਰਿਹਾ ਹੈ, ਜੋ ਟਰੈਫ਼ਿਕ ਚਲਾਨਾਂ ਦਾ ਰਿਕਾਰਡ ਰੱਖਣਗੇ।
ਏ.ਐੱਸ. ਰਾਏ, ਏਡੀਜੀਪੀ ਟਰੈਫਿਕ ਪੰਜਾਬ ਨੇ ਦੱਸਿਆ ਕਿ ਇਹ ਫੈਸਲਾ ਦੋ ਦਿਨ ਪਹਿਲਾਂ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ ਹੈ। ਜਲਦੀ ਹੀ ਵੱਡੇ ਸ਼ਹਿਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਸ ਸਕੀਮ ਤਹਿਤ ਚੰਡੀਗੜ੍ਹ ਦੀ ਤਰਜ਼ ’ਤੇ ਲੁਧਿਆਣਾ ਵਿੱਚ ਵੀ 14 ਸੌ ਕੈਮਰੇ ਲਾਏ ਜਾ ਰਹੇ ਹਨ। ਇਸ ਤੋਂ ਬਾਅਦ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੈਮਰਿਆਂ ਰਾਹੀਂ ਪੰਜਾਬ ਭਰ ਵਿੱਚ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਣਗੇ।
Comment here