Site icon SMZ NEWS

ਸਿਮਰਨਜੀਤ ਮਾਨ ਖਿਲਾਫ ਭਾਜਪਾ ਸੂਬਾ ਸਕੱਤਰ ਸੁਖਪਾਲ ਸਰਾਂ ਨੇ SSP ਬਠਿੰਡਾ ਨੂੰ ਦਿੱਤੀ ਸ਼ਿਕਾਇਤ

ਰੰਗ ਦੇ ਬਸੰਤੀ ਚੋਲਾ ਗਾਉਂਦੇ ਹੋਏ ਹੱਸਦੇ-ਹੱਸਦੇ ਫਾਂਸੀ ਦਾ ਫੰਦਾ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਵੱਲੋਂ ਐੱਸਐੱਸਪੀ ਬਠਿੰਡਾ ਨੂੰ ਸ਼ਿਕਾਇਤ ਦੇ ਕੇ ਸਿਮਰਨਜੀਤ ਮਾਨ ਖਿਲਾਫ ਦੰਗੇ ਭੜਕਾਉਣ ਤੇ ਅਰਾਜਕਤਾ ਫੈਲਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ।

ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਈ ਬਲਿਦਾਨ ਹੋਏ। ਅਮਰ ਸ਼ਹੀਦ ਭਗਤ ਸਿੰਘ ਵੱਲੋਂ ਜਿਥੇ ਦੇਸ਼ ਲਈ ਕੁਰਬਾਨੀ ਦਿੱਤੀ ਗਈ ਉਥੇ ਆਜ਼ਾਦੀ ਦੀ ਨਵੀਂ ਲਹਿਰ ਖੜ੍ਹੀ ਕੀਤੀ ਗਈ ਤੇ ਹਰੇਕ ਦੇਸ਼ ਵਾਸੀ ਵਿਚ ਦੇਸ਼ ‘ਤੇ ਮਰ ਮਿਟਣ ਦਾ ਜਨੂੰਨ ਪੈਦਾ ਕੀਤਾ ਗਿਆ। ਅਜਿਹੇ ਮਹਾਨ ਦੇਸ਼ ਭਗਤ ਨੂੰ ਚੁਣੇ ਗਏ ਮੈਂਬਰ ਪਾਰਲੀਮੈਂਟ ਵੱਲੋਂ ਗਲਤ ਸ਼ਬਦਾਵਲੀ ਬੋਲੇ ਜਾਣਾ ਬੇਹੱਦ ਸ਼ਰਮਨਾਕ ਵਿਸ਼ਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਦੀ ਤੁਰੰਤ ਮਾਨਤਾ ਰੱਦ ਹੋਣੀ ਚਾਹੀਦੀ ਹੈ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਭਾਜਪਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਇਸ ਨਾਲ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਘਟੀਆ ਮਾਨਸਿਕਤਾ ਦਿਖਾਈ ਹੈ । ਸਰਾਂ ਨੇ ਕਿਹਾ ਕਿ ਜੇਕਰ ਪੁਲਿਸ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਨਹੀਂ ਕਰਦੀ ਤਾਂ ਉਹ ਮਜਬੂਰਨ ਉੱਚ ਅਦਾਲਤ ਜਾਣਗੇ।

Exit mobile version