Site icon SMZ NEWS

‘ਦੇਸ਼ ਦੀ ਨੀਂਹ ਰਖ ਰਿਹਾਂ, ਮੁਫਤ ‘ਚ ਰਿਓੜੀਆਂ ਨਹੀਂ ਵੰਡ ਰਿਹਾਂ’- ਕੇਜਰੀਵਾਲ ਦਾ PM ਮੋਦੀ ‘ਤੇ ਪਲਟਵਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਚੋਣਾਂ ਤੋਂ ਪਹਿਲਾਂ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਮੁਫਤ ਸਹੂਲਤਾਂ ਬਾਰੇ ਤੰਜ ਕੱਸਦਿਆਂ ਇਸਨੂੰ ‘ਰਿਓੜੀ ਕਲਚਰ’ ਕਹਿਣ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੀ.ਐੱਮ. ‘ਤੇ ਪਲਟਵਾਰ ਕੀਤਾ।

CM ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਸਪਤਾਲਾਂ ‘ਚ ਮੁਫਤ ਇਲਾਜ ਗਲਤ ਹੈ? ਦਿੱਲੀ ਵਿੱਚ ਸਾਰੇ ਮੈਡੀਕਲ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਮੈਨੂੰ ਦੱਸੋ ਅਸੀਂ ਕੀ ਗਲਤ ਕੀਤਾ ਹੈ? ਮੈਂ ਦੇਸ਼ ਦੀ ਨੀਂਹ ਰੱਖ ਰਿਹਾ ਹਾਂ, ਮੁਫਤ ਵਿਚ ਰਿਓੜੀਆਂ ਨਹੀਂ ਵੰਡ ਰਿਹਾ। ਪਹਿਲਾਂ ਸਰਕਾਰੀ ਸਕੂਲਾਂ ਦੀ ਹਾਲਤ ਮਾੜੀ ਸੀ। ਅੱਜ ਗਰੀਬਾਂ ਦੇ ਬੱਚੇ NEET, JEE ਪਾਸ ਕਰ ਰਹੇ ਹਨ। ਅਸੀਂ ਹਜ਼ਾਰਾਂ ਬੱਚਿਆਂ ਦਾ ਭਵਿੱਖ ਬਦਲ ਦਿੱਤਾ ਹੈ। ਮੈਂ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਰਿਹਾ ਹਾਂ। ਕੀ ਸਰਕਾਰੀ ਸਕੂਲਾਂ ਵਿੱਚ ਮੁਫਤ ਸਿੱਖਿਆ ਦੇਣਾ ਗਲਤ ਹੈ?

kejriwal back attack on PM

ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਬੱਚਿਆਂ ਨੂੰ ਮੁਫਤ ਅਤੇ ਚੰਗੀ ਸਿੱਖਿਆ ਦੇਣ ਅਤੇ ਲੋਕਾਂ ਦਾ ਚੰਗਾ ਅਤੇ ਮੁਫਤ ਇਲਾਜ ਕਰਵਾਉਣਾ ਇਸ ਨੂੰ ਮੁਫਤ ਰਿਓੜੀਆਂ ਵੰਡਣਾ ਨਹੀਂ ਕਿਹਾ ਜਾਂਦਾ। ਅਸੀਂ ਇੱਕ ਵਿਕਸਿਤ ਅਤੇ ਸ਼ਾਨਦਾਰ ਭਾਰਤ ਦੀ ਨੀਂਹ ਰੱਖ ਰਹੇ ਹਾਂ। ਇਹ ਕੰਮ 75 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ। ਸੀ.ਐੱਮ. ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 18 ਲੱਖ ਬੱਚੇ ਪੜ੍ਹਦੇ ਹਨ। ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੀ ਹਾਲਤ ਦਿੱਲੀ ਦੇ ਸਰਕਾਰੀ ਸਕੂਲਾਂ ਵਰਗੀ ਹੀ ਮਾੜੀ ਸੀ। 18 ਲੱਖ ਬੱਚਿਆਂ ਦਾ ਭਵਿੱਖ ਬਰਬਾਦ ਹੋ ਗਿਆ। ਜੇ ਅੱਜ ਅਸੀਂ ਇਨ੍ਹਾਂ ਬੱਚਿਆਂ ਦਾ ਭਵਿੱਖ ਠੀਕ ਕਰ ਦੇਈਏ ਤਾਂ ਮੈਂ ਕਿਹੜਾ ਗੁਨਾਹ ਕਰ ਰਿਹਾ ਹਾਂ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਫ੍ਰੀ ਦੀਆਂ ਰਿਓੜੀਆਂ ਕੀ ਹੁੰਦੀਆਂ ਹਨ, ਮੈਂ ਤੁਹਾਨੂੰ ਦੱਸਦਾ ਹਾਂ। ਇੱਕ ਕੰਪਨੀ ਨੇ ਕਈ ਬੈਂਕਾਂ ਤੋਂ ਲੋਨ ਲੈ ਕੇ ਪੈਸੇ ਖਾ ਲਏ। ਬੈਂਕ ਦੀਵਾਲੀਆ ਹੋ ਗਿਆ ਅਤੇ ਉਸ ਕੰਪਨੀ ਨੇ ਇੱਕ ਸਿਆਸੀ ਪਾਰਟੀ ਨੂੰ ਕਰੋੜਾਂ ਰੁਪਏ ਦਾ ਚੰਦਾ ਦਿੱਤਾ ਅਤੇ ਸਰਕਾਰ ਨੇ ਉਸ ਕੰਪਨੀ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਹ ਇੱਕ ਮੁਫਤ ਰਿਓੜੀ ਹੈ। ਅਸੀਂ ‘ਫਰਿਸ਼ਤਾ ਸਕੀਮ’ ਨਾਲ 13 ਹਜ਼ਾਰ ਲੋਕਾਂ ਦੀ ਜਾਨ ਬਚਾਈ ਹੈ, ਉਨ੍ਹਾਂ ਨੂੰ ਪੁੱਛੋ ਕਿ ਕੀ ਇਹ ਮੁਫਤ ਰਿਓੜੀ ਹੈ?

ਉਨ੍ਹਾਂ ਕਿਹਾ ਕਿ ਤੁਹਾਡੇ ਮੰਤਰੀਆਂ ਨੂੰ ਬਿਜਲੀ ਮੁਫਤ ਮਿਲਦੀ ਹੈ। ਜੇ ਅਸੀਂ ਲੋਕਾਂ ਨੂੰ ਮੁਫਤ ਬਿਜਲੀ ਦਿੰਦੇ ਹਾਂ ਤਾਂ ਕੀ ਇਹ ਰਿਓੜੀ ਹੈ? ਅਸੀਂ 17 ਹਜ਼ਾਰ ਲੋਕਾਂ ਨੂੰ ਮੁਫਤ ਯੋਗਾ ਸਿਖਾ ਰਹੇ ਹਾਂ। ਲਗਭਗ 45 ਹਜ਼ਾਰ ਬਜ਼ੁਰਗਾਂ ਨੇ ਮੁਫਤ ਤੀਰਥ ਯਾਤਰਾ ਕੀਤੀ ਹੈ, ਇਹ ਇੱਕ ਪੁੰਨ ਹੈ, ਪਰ ਉਹ ਮੈਨੂੰ ਕਹਿ ਰਹੇ ਨੇ ਕਿ ਉਹ ਮੁਫਤ ਵਿੱਚ ਰਿਓੜੀ ਵੰਡ ਰਿਹਾ ਹੈ।

Exit mobile version