ਮਸ਼ਹੂਰ ਪੰਜਾਬੀ ਸਿੰਗਰ ਦਲੇਰ ਮਹਿੰਦੀ ਨੂੰ ਪੰਜਾਬ ਪੁਲਿਸ ਨੇ ਮਨੁੱਖੀ ਤਸਕਰੀ (ਕਬੂਤਰਬਾਜ਼ੀ) ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਪਟਿਆਲਾ ਸੈਸ਼ਨ ਕੋਰਟ ਨੇ ਵੀਰਵਾਰ ਨੂੰ ਦਲੇਰ ਮਹਿੰਦੀ ਦੀ ਦੋ ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਪਟਿਆਲਾ ਪੁਲਿਸ ਨੇ ਉਨ੍ਹਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਹੁਣ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਭੇਜਿਆ ਜਾ ਰਿਹਾ ਹੈ, ਜਿਥੇ ਰੋਡਰੇਜ਼ ਮਾਮਲੇ ਵਿੱਚ ਕਾਂਗਰਸੀ ਲੀਡਰ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਵੀ ਇੱਕ ਸਾਲ ਦੀ ਸਜ਼ਾ ਕੱਟ ਰਹੇ ਹਨ।
ਗਾਇਕ ‘ਤੇ ਦੋਸ਼ ਹੈ ਕਿ ਉਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਿਆ। ਇਸ ਤੋਂ ਪਹਿਲਾਂ ਪਟਿਆਲਾ ਦੀ ਜਿਊਡੀਸ਼ੀਅਲ ਮਜਿਸਟ੍ਰੇਟ ਕੋਰਟ ਨੇ ਸਿੰਗਰ ਨੂੰ 2 ਸਾਲ ਦੀ ਕੈਦ ਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਹੁਣ ਉਸ ਨੂੰ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸਾਲ 2018 ਵਿੱਚ ਦਲੇਰ ਮਹਿੰਦੀ ਨੂੰ ਹੇਠਲੀ ਅਦਾਲਤ ਨੇ ਕਬੂਤਰਬਾਜ਼ੀ ਦੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਦਲੇਰ ਮਹਿੰਦੀ ਨੂੰ ਜ਼ਮਾਨਤ ਮਿਲ ਗਈ। ਦਲੇਰ ਮਹਿੰਦੀ ਨੇ ਇਸ ਫੈਸਲੇ ਨੂੰ ਸੈਸ਼ਨ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਜਿਸ ਵਿੱਚ ਅੱਜ ਵਧੀਕ ਸੈਸ਼ਨ ਜੱਜ ਨੇ ਦਲੇਰ ਮਹਿੰਦੀ ਦੀ ਅਪੀਲ ਰੱਦ ਕਰ ਦਿੱਤੀ ਹੈ।
ਦਰਅਸਲ ਸਾਲ 2003 ਵਿੱਚ ਦਲੇਰ ਮਹਿੰਦੀ ਖ਼ਿਲਾਫ਼ ਪਟਿਆਲਾ ਵਿੱਚ ਕਬੂਤਰਬਾਜ਼ੀ ਦਾ ਕੇਸ ਦਰਜ ਹੋਇਆ ਸੀ। ਸ਼ਿਕਾਇਤਕਰਤਾ ਦੇ ਵਕੀਲ ਗੁਰਮੀਤ ਸਿੰਘ ਨੇ ਦੱਸਿਆ ਕਿ ਗਾਇਕ ਦਲੇਰ ਮਹਿੰਦੀ ਨੂੰ 2003 ਦੇ ਮਨੁੱਖੀ ਤਸਕਰੀ ਦੇ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਦੱਸ ਦੇਈਏ ਕਿ ਦਲੇਰ ਮਹਿੰਦੀ ਅਤੇ ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ ‘ਤੇ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਆਪਣੀ ਮੰਡਲੀ ਦੇ ਮੈਂਬਰ ਵਜੋਂ ਵਿਦੇਸ਼ ਭੇਜਣ ਲਈ ਮੋਟੀ ਰਕਮ ਵਸੂਲਣ ਦਾ ਦੋਸ਼ ਸੀ। 2018 ਵਿੱਚ ਜੁਡੀਸ਼ੀਅਲ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਦੀ ਅਦਾਲਤ ਨੇ ਦੋਵਾਂ ਭਰਾਵਾਂ ਨੂੰ ਦੋਸ਼ੀ ਠਹਿਰਾਇਆ ਅਤੇ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ, ਜਿਸ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਬਾਅਦ ਵਿਚ ਉਸ ਨੇ ਸੈਸ਼ਨ ਕੋਰਟ ਵਿਚ ਅਪੀਲ ਦਾਇਰ ਕੀਤੀ।
2003 ਵਿੱਚ ਸਦਰ ਥਾਣੇ ਵਿੱਚ ਦਰਜ ਐਫਆਈਆਰ ਅਨੁਸਾਰ ਇਹ ਦੋਸ਼ ਲਾਇਆ ਗਿਆ ਸੀ ਕਿ ਮਹਿੰਦੀ ਭਰਾਵਾਂ ਨੇ 1998 ਅਤੇ 1999 ਵਿੱਚ ਦੋ ਮੰਡਲੀਆਂ ਲਈਆਂ ਸਨ, ਇਸ ਦੌਰਾਨ 10 ਲੋਕਾਂ ਨੂੰ ਗਰੁੱਪ ਦੇ ਮੈਂਬਰ ਵਜੋਂ ਅਮਰੀਕਾ ਲਿਜਾਇਆ ਗਿਆ ਸੀ ਅਤੇ ਉੱਥੇ ਗੈਰ-ਕਾਨੂੰਨੀ ਢੰਗ ਨਾਲ ਛੱਡ ਦਿੱਤਾ ਗਿਆ ਸੀ। ਪਹਿਲੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੁਲਿਸ ਨੂੰ ਗਾਇਕ ਵਿਰੁੱਧ 35 ਹੋਰ ਸ਼ਿਕਾਇਤਾਂ ਮਿਲੀਆਂ ਸਨ।