ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਦਰਦ ਫਿਰ ਤੋਂ ਛਲਕਿਆ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਨੂੰ 40 ਦਿਨ ਬੀਤ ਚੁੱਕੇ ਹਨ। ਪੰਜਾਬ ਦੇ 2 ਪਾਪੀ ਇਸ ਘਿਨਾਉਣੇ ਕੰਮ ਵਿਚ ਸ਼ਾਮਲ ਹਨ। ਉਹ ਅਗਲੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਬਹੁਤ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਉਹ ਕਿਸੇ ਕਾਨੂੰਨ ਦੇ ਸ਼ਿਕੰਜੇ ਵਿਚ ਨਹੀਂ ਆਏ। ਸ਼ਾਇਦ ਉਨ੍ਹਾਂ ਦੇ ਇੱਕ ਹੋਰ ਵਾਰਦਾਤ ਕਰਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਕੇਸ ਦੀ ਪੈਰਵੀ ਸਮੇਂ ਇਹ ਪਾਪੀ ਮੈਨੂੰ ਮਿਲੇ। ਉਨ੍ਹਾਂ ਕਿਹਾ ਕਿ ਅਸੀਂ ਇਕ ਆਵਾਜ਼ ਦੇਵਾਂਗੇ ਤਾਂ 10 ਨੌਜਵਾਨ ਆ ਜਾਣਗੇ। ਇਹ ਪਾਪੀ ਤੁਹਾਨੂੰ ਵਿਦੇਸ਼ ਭੇਜਣ ਦਾ ਲਾਲਚ ਦੇਣਗੇ। ਪੈਸਿਆਂ ਦਾ ਲਾਲਚ ਦੇਣਗੇ। ਉਨ੍ਹਾਂ ਦੇ ਝਾਂਸੇ ਵਿਚ ਨਾ ਆਉਣਾ। ਕਿਸੇ ਦਾ ਘਰ ਨਾ ਉਜਾੜੋ। ਕਿਸੇ ਨੂੰ ਆਪਣੇ ਘਰ ਵਿਚ ਨਾ ਠਹਿਰਾਓ। ਪਾਪੀ ਮੇਰੇ ਘਰ ਦੇ ਆਸ-ਪਾਸ ਹੀ ਰਹਿੰਦੇ ਰਹੇ। ਇੰਟੈਲੀਜੈਂਸ ਨੇ ਵੀ ਮੈਨੂੰ ਕੋਈ ਸੂਚਨਾ ਨਹੀਂ ਦਿੱਤੀ ਕਿ ਮੇਰੇ ਪੁੱਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪਰਿਵਾਰ ਤੇ ਮਾਂ ਦੀ 40 ਅਤੇ 34 ਸਾਲ ਦੀ ਮੇਰੀ ਤੇ ਮੇਰੇ ਪਰਿਵਾਰ ਦੀ ਮਤਲਬ 75 ਸਾਲ ਦੀ ਮਿਹਨਤ ਦੇ ਬਾਅਦ ਮੂਸੇਵਾਲਾ ਹੋਂਦ ਵਿਚ ਆਇਆ ਸੀ। ਉਹ ਪਰਿਵਾਰ ਤੇ ਇਲਾਕੇ ਦਾ ਭਲਾ ਕਰਨ ਲਈ ਕੈਨੇਡਾ ਤੋਂ ਵਾਪਸ ਪਰਤਿਆ ਸੀ ਪਰ ਦੁੱਖ ਦੀ ਗੱਲ ਹੈ ਕਿ ਸਾਡਾ ਸਿਸਟਮ ਨੌਜਵਾਨ ਨੂੰ ਸੰਭਾਲ ਨਹੀਂ ਸਕਿਆ। ਉਸ ਦੀ ਕਦਰ ਨਹੀਂ ਕਰ ਸਕਿਆ।
ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਾਡੀ ਬਦਕਿਸਮਤੀ ਹੈ ਕਿ ਅਸੀਂ ਬੁਰੇ ਸਿਸਟਮ ਦੀ ਭੇਟ ਚੜ੍ਹ ਗਏ। ਬਹੁਤ ਭਿਆਨਕ ਸਮਾਂ ਚੱਲ ਰਿਹਾ ਹੈ। ਇਹ ਇਕੱਲੇ ਸਿੱਧੂ ਦਾ ਕਤਲ ਨਹੀਂ ਹੈ। ਅਸੀਂ ਇਕ ਈਮਾਨਦਾਰ ਨੇਤਾ, ਮਿਹਨਤੀ ਨੌਜਵਾਨ ਤੇ ਕਲਮ ਦਾ ਧਨੀ ਸਿੱਖ ਚਿਹਰਾ ਗੁਆ ਦਿੱਤਾ।
ਉਨ੍ਹਾਂ ਕਿਹਾ ਕਿ ਸਾਹ ਲੈਣਾ ਬਹੁਤ ਜ਼ਰੂਰੀ ਹੈ। ਮੂਸੇਵਾਲਾ ਦੇ ਭੋਗ ‘ਤੇ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਪੌਦੇ ਲਗਾਓ। ਸਿੱਧੂ ਦੀ ਮੌਤ ਦੀ ਭਰਪਾਈ ਕੁਝ ਚੰਗੇ ਕੰਮ ਤੋਂ ਕਰੋ। ਮੂਸੇਵਾਲਾ ਦੇ ਭੋਗ ਸਮਾਗਮ ਵਿਚ ਉਨ੍ਹਾਂ ਦੀ ਮਾਂ ਚਰਨ ਕੌਰ ਨੇ ਵੀ ਅਪੀਲ ਕੀਤੀ ਸੀ ਕਿ ਮੂਸੇਵਾਲਾ ਦੀ ਯਾਦ ਵਿਚ ਪੌਦੇ ਜ਼ਰੂਰ ਲਗਾਓ।
Comment here