Site icon SMZ NEWS

ਅਮਰਨਾਥ ਗੁਫ਼ਾ ਦੇ ਕੋਲ ਫਟਿਆ ਬੱਦਲ, ਕਈ ਮੌਤਾਂ, ਰੋਕੀ ਗਈ ਯਾਤਰਾ, ਬਚਾਅ ਕਾਰਜ ਜਾਰੀ

ਅਮਰਨਾਥ ਗੁਫਾ ਦੇ ਨੇੜੇ ਬੱਦਲ ਫਟ ਗਿਆ ਹੈ। ਇਸ ਹਾਦਸੇ ‘ਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। NDRF, SDRP ਅਤੇ ਹੋਰ ਸਹਿਯੋਗੀ ਏਜੰਸੀਆਂ ਨੂੰ ਬਚਾਅ ਕਾਰਜ ਲਈ ਸਰਗਰਮ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ। ਸ਼ਰਧਾਲੂਆਂ ਦੇ ਕਈ ਟੈਂਪੂਆਂ ਨੂੰ ਨੁਕਸਾਨ ਹੋਣ ਦੀ ਵੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਕਰੀਬ 5:30 ਵਜੇ ਬੱਦਲ ਫਟ ਗਿਆ ਹੈ।

ਸ਼ੁਰੂਆਤੀ ਜਾਣਕਾਰੀ ਮੁਤਾਬਕ ਜਦੋਂ ਇਹ ਘਟਨਾ ਹੋਈ ਉਦੋਂ ਮੌਕੇ ‘ਤੇ ਕਰੀਬ ਬਾਰ੍ਹਾਂ ਹਜ਼ਾਰ ਯਾਤਰੀ ਮੌਜੂਦ ਸਨ। ਫਿਲਹਾਲ ਲਈ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬਾਲਟਾਲ ਇਲਾਕੇ ਵਿੱਚ ਹੋਈ।

cloud burst in Amarnath

ਆਈਜੀਪੀ ਕਸ਼ਮੀਰ ਨੇ ਦੱਸਿਆ ਕਿ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਰਕੇ ਕੁਝ ਲੰਗਰ ਅਤੇ ਟੈਂਟ ਅਚਾਨਕ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। 4 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ, ਜਿਨ੍ਹਾਂ ਵਿੱਚੋਂ ਤਿੰਨ ਔਰਤਾਂ ਹਨ। ਹਾਲਾਂਕਿ ਮੌਤਾਂ ਦੀ ਗਿਣਤੀ ਵਧਣ ਦਾ ਡਰ ਹੈ। ਪੁਲਿਸ, NDRF ਅਤੇ SF ਵੱਲੋਂ ਜ਼ਖਮੀਆਂ ਨੂੰ ਇਲਾਜ ਲਈ ਏਅਰਲਿਫਟ ਕੀਤਾ ਜਾ ਰਿਹਾ ਹੈ। ਸਥਿਤੀ ਕਾਬੂ ਹੇਠ ਹੈ।

ਆਈਟੀਬੀਪੀ ਨੇ ਕਿਹਾ ਹੈ ਕਿ ਬਚਾਅ ਟੀਮਾਂ ਕੰਮ ਕਰ ਰਹੀਆਂ ਹਨ। ਆਈਟੀਬੀਪੀ ਦੀਆਂ ਟੀਮਾਂ ਸਮੇਤ ਹੋਰ ਏਜੰਸੀਆਂ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ। ਰੈਸਕਿਊ ਆਪ੍ਰੇਸ਼ਨ ਲਈ ਤੁਰੰਤ ਹੈਲੀਕਾਪਟਰ ਵੀ ਰਵਾਨਾ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ, ਜਿਸ ਤੋਂ ਬਾਅਦ ਅੱਜ ਸ਼ਾਮ ਨੂੰ ਬੱਦਲ ਫਟ ਗਏ। ਬੱਦਲ ਫਟਣ ਤੋਂ ਬਾਅਦ ਸੈਲਾਬ ਸ਼ਰਧਾਲੂਆਂ ਦੇ ਟੈਂਟਾਂ ਵਿੱਚੋਂ ਨਿਕਲਿਆ।

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਕਰਕੇ ਅਮਰਨਾਥ ਯਾਤਰਾ ਪਿਛਲੇ ਦੋ ਸਾਲਾਂ ਤੋਂ ਮੁਅੱਤਲ ਸੀ। ਇਹ ਯਾਤਰਾ ਇਸ ਸਾਲ 30 ਜੂਨ ਤੋਂ ਸ਼ੁਰੂ ਹੋਈ ਹੈ। 43 ਦਿਨਾਂ ਦੀ ਯਾਤਰਾ 11 ਅਗਸਤ ਨੂੰ ਖਤਮ ਹੋਵੇਗੀ। ਇਸ ਸਾਲ ਦੀ ਯਾਤਰਾ ਵਿੱਚ ਲਗਭਗ ਤਿੰਨ ਲੱਖ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਯਾਤਰਾ ‘ਚ ਹੁਣ ਤੱਕ 65,000 ਤੋਂ ਵੱਧ ਸ਼ਰਧਾਲੂ ਅਮਰਨਾਥ ਗੁਫਾ ‘ਚ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਸ ਦੇ ਨਾਲ ਹੀ ਮੌਸਮ ਖ਼ਰਾਬ ਹੋਣ ਕਾਰਨ ਯਾਤਰਾ ਨੂੰ 2 ਤੋਂ 3 ਦਿਨ ਵਿਚਾਲੇ ਹੀ ਰੋਕਣਾ ਪਿਆ ਹੈ।

Exit mobile version