ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਸ਼ੁੱਕਰਵਾਰ ਸਵੇਰੇ ਨਾਰਾ ਸ਼ਹਿਰ ਵਿੱਚ ਹਮਲਾ ਹੋਇਆ ਹੈ । ਉਨ੍ਹਾਂ ‘ਤੇ ਉਸ ਸਮੇਂ ਫਾਇਰਿੰਗ ਕੀਤੀ ਗਈ, ਜਦੋਂ ਉਹ ਇੱਕ ਸਭਾ ਨੂੰ ਸੰਬੋਧਿਤ ਕਰ ਰਹੇ ਸਨ । ਇਸ ਦੌਰਾਨ ਉਹ ਅਚਾਨਕ ਡਿੱਗ ਗਏ । ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਛਾਤੀ ਵਿੱਚ ਦੋ ਵਾਰ ਗੋਲੀ ਮਾਰੀ ਗਈ । ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹ ਕੋਈ ਜਵਾਬ ਨਹੀਂ ਦੇ ਰਹੇ ਹਨ।
ਦੱਸ ਦੇਈਏ ਕਿ ਇਸ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਪੀਐੱਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, “ਮੇਰੇ ਪਿਆਰੇ ਦੋਸਤ ਸ਼ਿੰਜੋ ਆਬੇ ‘ਤੇ ਹੋਏ ਹਮਲੇ ਤੋਂ ਬਹੁਤ ਦੁਖੀ ਹਾਂ। ਮੇਰੀਆਂ ਪ੍ਰਾਰਥਨਾਵਾਂ ਉਸਦੇ ਅਤੇ ਉਸਦੇ ਪਰਿਵਾਰ ਨਾਲ ਹਨ।
ਪੁਲਿਸ ਨੇ ਸ਼ਿੰਜੋ ਆਬੇ ‘ਤੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਹੈ । 42 ਸਾਲਾ ਹਮਲਾਵਰ ਕੋਲੋਂ ਇੱਕ ਬੰਦੂਕ ਬਰਾਮਦ ਹੋਈ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ ਵਿੱਚ ਇਹ ਵੀ ਸਪੱਸ਼ਟ ਨਹੀਂ ਹੈ ਕਿ ਉਸ ਨੇ ਗੋਲੀ ਕਿਉਂ ਚਲਾਈ।
ਰਿਪੋਰਟਾਂ ਮੁਤਾਬਕ ਜਾਪਾਨੀ ਪੁਲਿਸ ਨੇ ਦੱਸਿਆ ਕਿ ਸ਼ਿੰਜੋ ਆਬੇ ਨਾਰਾ ਸ਼ਹਿਰ ਵਿੱਚ ਇੱਕ ਮੀਟਿੰਗ ਵਿੱਚ ਭਾਸ਼ਣ ਦੇ ਰਹੇ ਸਨ, ਜਦੋਂ ਸ਼ੱਕੀ ਵਿਅਕਤੀ ਪਿੱਛੇ ਤੋਂ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਕੋਲ ਆਇਆ ਅਤੇ ਅਚਾਨਕ ਉਸ ‘ਤੇ ਬੰਦੂਕ ਨਾਲ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
Comment here