ਵਾਤਾਵਰਣ ਪ੍ਰੇਮੀ ਸਤਿਕਾਰਯੋਗ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ‘ਤੇ ਸੰਤ ਸੀਚੇਵਾਲ ਨੂੰ ਵਧਾਈ ਦਿੱਤੀ।
ਸੀ.ਐੱਮ. ਮਾਨ ਨੇ ਕਿਹਾ ਕਿ ਯਕੀਨਨ ਮੈਂ ਇਹ ਕਹਿ ਸਕਦਾ ਹਾਂ ਕਿ ਸੰਤ ਜੀ ਵਾਤਾਵਰਣ ਸਮੇਤ ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਪੰਜਾਬ-ਪੰਜਾਬੀਆਂ ਦੀ ਆਵਾਜ਼ ਬਣਨਗੇ।
ਦੱਸਣਯੋਗ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਲ ਸਮਾਜ ਸੇਵੀ ਵਿਕਰਮਜੀਤ ਸਿੰਘ ਸਾਹਣੀ ਨੂੰ ਬਿਨਾਂ ਮੁਕਾਬਲੇ ਰਾਜ ਸਭਾ ਦਾ ਮੈਂਬਰ ਐਲਾਨਿਆ ਗਿਆ ਸੀ। ਉਨ੍ਹਾਂ ਦੇ ਮੁਕਾਬਲੇ ਵਿੱਚ ਕਿਸੇ ਵੀ ਵਿਰੋਧੀ ਧਿਰ ਵੱਲੋਂ ਕੋਈ ਨਾਮਜ਼ਦਗੀ ਨਹੀਂ ਭਰੀ ਗਈ ਸੀ।
ਸੰਤ ਬਲਬੀਰ ਸਿੰਘ ਸੀਚੇਵਾਲ ਨਦੀਆਂ ਵਿੱਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਜਾਣੇ ਜਾਂਦੇ ਹਨ। ਉਹ ਬਾਬਾ ਸੀਚੇਵਾਲ ਤੇ ਈਸੀਓ ਦੇ ਨਾਂ ਨਾਲ ਮਸ਼ਹੂਰ ਹਨ। ਸੁਲਤਾਨਪੁਰ ਲੋਧੀ ਵਿੱਚ 160 ਕਿਲੋਮੀਟਰ ਲੰਮੀ ਕਾਲੀ ਬੇਈਂ ਨਦੀ ਨੂੰ ਸਾਫ ਕਰਨ ਦਾ ਸਿਹਰਾ ਉਨ੍ਹਾਂ ਨੂੰ ਹੀ ਦਿੱਤਾ ਗਿਆ ਹੈ। ਸੰਤ ਸੀਚੇਵਾਲ ਨੇ ਸਾਲ 2007 ਵਿੱਚ ਇਕੱਲੇ ਹੀ ਕਾਲੀ ਬੇਈਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਸੀ।
ਜਲੰਧਰ ਦੇ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਬਾਬਾ ਸੀਚੇਵਾਲ ਕਈ ਸਾਲਾਂ ਤੋਂ ਨਦੀਆਂ ਵਿੱਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਮੁਹਿੰਮ ਚਲਾ ਰਹੇ ਹਨ। 2017 ਵਿੱਚ ਬਾਬਾ ਸੀਚੇਵਾਲ ਦੇ ਅਹਿਮ ਯੋਗਦਾਨ ਲਈ ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਪਹਿਲੇ ਪੰਜ ਰਾਜ ਸਭਾ ਮੈਂਬਰ ਵੀ ਬਿਨਾਂ ਕਿਸੇ ਵਿਰੋਧ ਦੇ ਜਿੱਤ ਗਏ ਸਨ। ਉਸ ਵੇਲੇ ਵੀ ਸੰਜੀਵ ਅਰੋੜਾ, ਸੰਦੀਪ ਕੁਮਾਰ ਪਾਠਕ, ਰਾਘਵ ਚੱਢਾ, ਹਰਭਜਨ ਸਿੰਘ ਤੇ ਅਸ਼ੋਕ ਮਿੱਤਲ ਤੋਂ ਇਲਾਵਾ ਕਿਸੇ ਹੋਰ ਵਿਰੋਧੀ ਨੇ ਨਾਮਜ਼ਦਗੀ ਨਹੀਂ ਭਰੀ ਸੀ। ਪੰਜਾਬ ‘ਚ ‘ਆਪ’ ਦੇ 117 ‘ਚੋਂ 92 ਵਿਧਾਇਕ ਹਨ।