Site icon SMZ NEWS

ਅੰਮ੍ਰਿਤਸਰ ‘ਚ ਜ਼ਿਲ੍ਹਾ ਪੱਧਰ ‘ਤੇ ਵੱਡਾ ਫੇਰਬਦਲ, ਕਮਿਸ਼ਨਰ ਅਰੁਣਪਾਲ ਨੇ 1139 ਪੁਲਿਸ ਮੁਲਾਜ਼ਮਾਂ ਦੇ ਕੀਤੇ ਤਬਾਦਲੇ

ਅੰਮ੍ਰਿਤਸਰ ਜ਼ਿਲ੍ਹੇ ਵਿਚ ਰਾਤੋਂ-ਰਾਤ ਜ਼ਿਲ੍ਹਾ ਪੱਧਰ ‘ਤੇ ਵੱਡਾ ਫੇਰਬਦਲ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਆਈਪੀਐੱਸ ਅਰੁਣਪਾਲ ਨੇ ਰਾਤ 1 ਵਜੇ ਹੁਕਮ ਜਾਰੀ ਕਰਕੇ ਪੂਰੀ ਕਮਿਸ਼ਨਰੇਟ ਦੇ ਪੁਲਿਸ ਮੁਲਾਜ਼ਮਾਂ ਨੂੰ ਬਦਲ ਦਿੱਤਾ। ਕਮਿਸ਼ਨਰ ਨੇ ਜ਼ਿਲ੍ਹੇ ਦੇ 1139 ਸਬ-ਇੰਸਪੈਕਟਰ, ਏਐੱਸਆਈ, ਹੈੱਡ ਕਾਂਸਟੇਬਲ ਤੇ ਕਾਂਸਟੇਬਲ ਦਾ ਟਰਾਂਸਫਰ ਕਰ ਦਿੱਤਾ ਹੈ।

ਪੁਲਿਸ ਕਮਿਸ਼ਨਰ ਦਾ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੇ ਦਿਨਾਂ ਤੋਂ ਜ਼ਿਲ੍ਹੇ ਵਿਚ ਲਾਅ ਐਂਡ ਆਰਡਰ ਵਿਗੜ ਰਿਹਾ ਸੀ। ਮਰਡਰ, ਲੁੱਟ, ਸਨੈਚਿੰਗ ਤੇ ਚੋਰੀ ਵਰਗੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਸਨ। ਇਸ ਲਈ ਇਕ ਹੀ ਰਾਤ ਵਿਚ ਪੂਰੇ ਕਮਿਸ਼ਨਰੇਟ ਦੀ ਪੁਲਿਸ ਵਿਚ ਵੱਡੇ ਫੇਰਬਦਲ ਦਾ ਫੈਸਲਾ ਲਿਆ ਗਿਆ ਹੈ ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਕੀਤਾ ਗਿਆ ਹੈ।

ਹੁਕਮਾਂ ਤਹਿਤ ਪੁਲਿਸ ਕਮਿਸ਼ਨ ਨੇ ਜਲਦ ਤੋਂ ਜਲਦ ਮੁਲਾਜ਼ਮਾਂ ਨੂੰ ਆਪਣੀ ਨਵੀਂ ਡਿਊਟੀ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਹਨ. ਜਾਣਕਾਰੀ ਮੁਤਾਬਕ ਪੁਲਿਸ ਕਮਿਸ਼ਨਰ ਬੀਤੇ ਕੁਝ ਦਿਨਾਂ ਤੋਂ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਬੈਠਕਾਂ ਕਰ ਰਹੇ ਸਨ ਅਤੇ ਇਸ ਦੌਰਾਨ ਬੀਤੀ ਰਾਤ 1 ਵਜੇ ਉਨ੍ਹਾਂ ਨੇ ਨਵੇਂ ਹੁਕਮਾਂ ‘ਤੇ ਹਸਤਾਖਰ ਵੀ ਕਰ ਦਿੱਤੇ।

ਸਭ ਤੋਂ ਵਧ ਉਨ੍ਹਾਂ ਸਬ-ਇੰਸਪੈਕਟਰ, ਏਐੱਸਆਈ, ਹੈੱਡ ਕਾਂਸਟੇਬਲ ਤੇ ਕਾਂਸਟੇਬਾਲਾਂ ਦੀ ਟਰਾੰਸਫਰ ਹੋਈ ਹੈ ਜੋ ਲੰਬੇ ਸਮੇਂ ਤੋਂ ਇੱਕ ਹੀ ਥਾਣੇ ਵਿਚ ਬੈਠੇ ਹੋਏ ਸਨ. ਇਨ੍ਹਾਂ ਵਿਚ ਖਾਸ ਕਰਕੇ ਥਾਣਿਆਂ ਦੇ ਮੁਨਸ਼ੀ ਵੀ ਸ਼ਾਮਲ ਹਨ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਟਰਾਂਸਫਰ ਕੀਤਾ ਗਿਆ ਹੈ ਜਿਨ੍ਹਾਂ ਦੀ ਆਊਟਪੁਟ ਕਾਫੀ ਖਰਾਬ ਸੀ।

ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੰਨੇ ਵੱਡੇ ਪੱਧਰ ‘ਤੇ ਪੁਲਿਸ ਵਿਭਾਗ ਨੇ ਟਰਾਂਸਫਰ ਕੀਤੀ ਹੋਵੇ। ਇਹ ਟਰਾਂਸਫਰ ਅਧਿਕਾਰੀ, ਐੱਸਐੱਚਓ ਰੈਂਕ ‘ਤੇ ਨਾ ਹੋਕੇ ਹੇਠਲੇ ਪੱਧਰ ‘ਤੇ ਕੀਤੀ ਗਈ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿਚ ਸੁਧਾਰ ਦੀ ਆਸ ਬੱਝੀ ਹੈ ਕਿਉਂਕਿ ਇਸੇ ਪੱਧਰ ‘ਤੇ ਸਭ ਤੋਂ ਵਧ ਪਬਲਿਕ ਡੀਲਿੰਗ ਵੀ ਹੁੰਦੀ ਹੈ ਤੇ ਕਾਰਵਾਈ ਵੀ।

Exit mobile version