ਭ੍ਰਿਸ਼ਟਾਚਾਰ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ਤਹਿਤ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਗੁਰਤੇਜ ਸਿੰਘ ਏ.ਏ.ਈ., ਮੇਹਰ ਚੰਦ ਕਲਰਕ, ਸੰਗੀਤ ਸੋਹਤਾ ਐਲ.ਡੀ.ਸੀ. ਅਤੇ ਇੱਕ ਹੋਰ ਮਾਮਲੇ ਵਿੱਚ ਦਿੜ੍ਹਬਾ ਡਵੀਜ਼ਨ ਦੀ ਜੂਨੀਅਰ ਇੰਜੀਨੀਅਰ ਪ੍ਰਨੀਤ ਕੌਰ ਨੂੰ ਤੇ ਸ੍ਰੀ ਮੁਕਤਸਰ ਸਾਹਿਬ ਦੀ ਬਰੀਵਾਲਾ ਵੰਡ ਸਬ ਡਵੀਜ਼ਨ ਦੇ ਸਮੂਹ ਅਧਿਕਾਰੀਆਂ ਨੂੰ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਲਈ ਸਵੈ-ਇੱਛਾ ਨਾਲ ਡਿਸਕਲੋਜ਼ਰ ਸਕੀਮ ਦੇ ਸਬੰਧ ਵਿੱਚ ਵਪਾਰਕ ਹਦਾਇਤਾਂ ਦੀ ਘੋਰ ਉਲੰਘਣਾ ਕਰਨ ਲਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਲੋਕਾਂ ਨੂੰ ਪਾਰਦਰਸ਼ੀ ਅਤੇ ਕੁਸ਼ਲ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਕਾਰਜਕਾਲ ਦੇ ਥੋੜ੍ਹੇ ਸਮੇਂ ਵਿੱਚ ਹੁਣ ਤੱਕ 45 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਅਤੇ ਹੋਰਨਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। CM ਨੇ ਆਪਣਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ, ਪਾਰਦਰਸ਼ੀ ਅਤੇ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਹੈ ਜਿਸ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਲੋਕਾਂ ਨੂੰ ਵਟਸਐਪ ਰਾਹੀਂ ਭ੍ਰਿਸ਼ਟਾਚਾਰ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਉਣ ਦੀ ਸਹੂਲਤ ਦੇਣ ਲਈ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। ਇਸ ਹੈਲਪਲਾਈਨ ਨੇ ਚਮਤਕਾਰ ਕੀਤਾ ਹੈ ਕਿਉਂਕਿ ਲੋਕ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਜੰਗ ਵਿੱਚ ਇਸ ਨੂੰ ਇੱਕ ਪ੍ਰਭਾਵਸ਼ਾਲੀ ਸਾਧਨ ਵਜੋਂ ਵਰਤ ਰਹੇ ਹਨ। ਹਰਭਜਨ ਸਿੰਘ ਨੇ ਖੁਲਾਸਾ ਕੀਤਾ ਕਿ ਪੀ.ਐਸ.ਪੀ.ਸੀ.ਐਲ. ਨੂੰ ਸ੍ਰੀ ਮੁਕਤਸਰ ਸਾਹਿਬ ਦੀ ਬਰੀਵਾਲਾ ਡਿਸਟ੍ਰੀਬਿਊਸ਼ਨ ਸਬ ਡਵੀਜ਼ਨ ਦੇ ਕੰਮਕਾਜ ਵਿੱਚ ਵਪਾਰਕ ਹਦਾਇਤਾਂ ਦੀ ਘੋਰ ਉਲੰਘਣਾ ਕਰਨ ਸਬੰਧੀ ਵਟਸਐਪ ‘ਤੇ ਸ਼ਿਕਾਇਤ ਪ੍ਰਾਪਤ ਹੋਈ ਹੈ।
ਜਾਂਚ ਦੌਰਾਨ ਪੀ.ਐਸ.ਪੀ.ਸੀ.ਐਲ ਇਨਫੋਰਸਮੈਂਟ ਵਿੰਗ ਬਠਿੰਡਾ ਨੇ ਪਾਇਆ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੀ ਬਰੀਵਾਲਾ ਡਿਸਟ੍ਰੀਬਿਊਸ਼ਨ ਸਬ ਡਵੀਜ਼ਨ ਦੇ ਅਧਿਕਾਰੀ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਨੂੰ ਪ੍ਰਾਈਵੇਟ ਠੇਕੇਦਾਰਾਂ ਰਾਹੀਂ ਖੇਤੀ ਟਿਊਬਵੈੱਲ ਕੁਨੈਕਸ਼ਨਾਂ ਦੇ ਲੋਡ ਨੂੰ ਵਧਾਉਣ ਲਈ ਟੈਸਟ ਰਿਪੋਰਟਾਂ ਦੇਣ ਲਈ ਜ਼ਬਰਦਸਤੀ ਅਤੇ ਤੰਗ ਪ੍ਰੇਸ਼ਾਨ ਕਰ ਰਹੇ ਹਨ ਜੋ ਕਿ ਸਰਾਸਰ ਉਲੰਘਣਾ ਹੈ।
ਇੱਕ ਹੋਰ ਮਾਮਲੇ ਵਿੱਚ ਦਿੜ੍ਹਬਾ ਦੇ ਇੱਕ ਖਪਤਕਾਰ ਵੱਲੋਂ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਨੂੰ ਲੋਡ ਕਰਨ ਸਬੰਧੀ ਦਿੱਤੀ ਸ਼ਿਕਾਇਤ ਦੇ ਆਧਾਰ ‘ਤੇ ਪ੍ਰਨੀਤ ਕੌਰ ਜੂਨੀਅਰ ਇੰਜੀਨੀਅਰ ਵੱਲੋਂ ਮੌਕੇ ‘ਤੇ ਜਾ ਕੇ ਜਾਂਚ ਕਰਨ ਉਪਰੰਤ ਆਊਟ ਸੋਰਸ ਡਰਾਈਵਰ ਦੀ ਜੇਬ ਵਿੱਚੋਂ 3000/- ਰੁਪਏ ਬਰਾਮਦ ਕੀਤੇ ਗਏ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪ੍ਰਨੀਤ ਕੌਰ ਜੂਨੀਅਰ ਇੰਜੀਨੀਅਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
Comment here