ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਜਿੱਤ ਪੰਜਾਬੀਆਂ ਦੀ ‘ਆਪ’ ਸਰਕਾਰ ‘ਤੇ ਮਨਜ਼ੂਰੀ ਦੀ ਮੋਹਰ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੀ ਇਨ੍ਹਾਂ ਚੋਣਾਂ ਨੂੰ ਲੈ ਕੇ ਲਗਾਤਾਰ ਸੰਗਰੂਰ-ਬਰਨਾਲਾ ਦੇ ਪਿੰਡਾਂ ਵਿੱਚ ਰੋਡ ਸ਼ੋਅ ਕੱਢ ਰਹੇ ਹਨ। ਹੁਣ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸੋਮਵਾਰ ਨੂੰ ਸੰਗਰੂਰ ਵਿੱਚ ਚੋਣ ਪ੍ਰਚਾਰ ਕਰਨਗੇ।
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ 20 ਜੂਨ ਨੂੰ ਪੰਜਾਬ ਦੇ ਸੰਗਰੂਰ ਵਿੱਚ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਸਮਰਥਨ ‘ਚ ਰੋਡ ਸ਼ੋਅ ਕਰਨਗੇ। ਲੋਕ ਸਭਾ ਸੀਟ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੂਰੀ ਹਲਕੇ ਤੋਂ ਵਿਧਾਇਕ ਬਣਨ ਤੋਂ ਬਾਅਦ ਖਾਲੀ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਉਨ੍ਹਾਂ ਨੇ ਰਾਜੇਂਦਰ ਨਗਰ ਜ਼ਿਮਨੀ ਚੋਣ ਲਈ ਨਰਾਇਣ ਦੇ ਲੋਕਾਂ ਨਾਲ ਰੋਡ ਸ਼ੋਅ ਕੀਤਾ। ਦਿੱਲੀ ਦੇ ਮੁੱਖ ਮੰਤਰੀ ਨੇ ਇਸ ਦੀ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇੱਥੇ ਲੋਕ ਸਾਨੂੰ ਪਿਛਲੀ ਵਾਰ ਨਾਲੋਂ ਵੱਧ ਪਿਆਰ ਅਤੇ ਆਸ਼ੀਰਵਾਦ ਦੇ ਰਹੇ ਹਨ।
ਦੱਸ ਦੇਈਏ ਕਿ ਇਸ ਹਲਕੇ ਵਿੱਚ 23 ਜੂਨ ਨੂੰ ਵੋਟਾਂ ਪੈਣਗੀਆਂ ਜਦਕਿ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਸੰਗਰੂਰ ਲੋਕ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਸਣੇ ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪੂਰੀ ਤਾਕਤ ਝੋਂਕ ਦਿੱਤੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਵਿੱਚ ਇਹ ਪਹਿਲੀ ਜ਼ਿਮਨੀ ਚੋਣ ਹੈ।
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਪੰਜਾਬ ‘ਚ ‘ਆਪ’ ਦੇ ਇਕਲੌਤੇ ਸੰਸਦ ਮੈਂਬਰ ਸਨ। ਜਿਨ੍ਹਾਂ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਲੋਕ ਸਭਾ ਸੀਟ ਖਾਲੀ ਕਰ ਦਿੱਤੀ ਸੀ। ਅਜਿਹੇ ‘ਚ ਜੇ ਆਮ ਆਦਮੀ ਪਾਰਟੀ ਸੰਗਰੂਰ ਚੋਣ ਹਾਰਦੀ ਹੈ ਤਾਂ ਇਹ ਜ਼ੀਰੋ ‘ਤੇ ਆ ਜਾਏਗੀ।
ਆਮ ਆਦਮੀ ਪਾਰਟੀ ਲਈ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਜਿੱਤਣਾ ਆਸਾਨ ਮੰਨਿਆ ਜਾ ਰਿਹਾ ਸੀ ਪਰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨ ਸਰਕਾਰ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਹਾਲਾਂਕਿ ਸਿਆਸੀ ਮਾਹਿਰਾਂ ਨੇ ਇਸ ‘ਤੇ ਅਜੇ ਤੱਕ ਕੁਝ ਨਹੀਂ ਕਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਆਮ ਆਦਮੀ ਪਾਰਟੀ ਇਸ ਸੀਟ ਨੂੰ ਬਚਾ ਪਾਉਂਦੀ ਹੈ ਜਾਂ ਨਹੀਂ।
Comment here