ਪਟਨਾ ਏੇਅਰਪੋਰਟ ‘ਤੇ ਸਪਾਈਸਜੈੱਟ ਦੀ ਫਲਾਈਟ SG-725 ਦੇ ਇੰਜਣ ਵਿਚ ਅੱਗ ਲੱਗ ਗਈ। ਜਹਾਜ਼ ਪਟਨਾ ਤੋਂ ਦਿੱਲੀ ਆ ਰਿਹਾ ਸੀ। ਅੱਗ ਲੱਗਣ ਦੇ ਬਾਅਦ ਫਲਾਈਟ ਦੀ ਸੁਰੱਖਿਅਤ ਲੈਂਡਿੰਗ ਕਰਾਈ ਗਈ ਹੈ। ਅੱਗ ਲੱਗਣ ਨਾਲ ਇੰਜਣ ਤੋਂ ਧੂੰਆਂ ਨਿਕਲਣ ਲੱਗਾ।
ਜਹਾਜ਼ ਨੇ ਐਤਵਾਰ ਦੁਪਹਿਰ 11.55 ‘ਤੇ ਉਡਾਣ ਭਰੀ ਸੀ। 12.20 ‘ਤੇ ਜਹਾਜ਼ ‘ਚ ਧਮਾਕੇ ਦੇ ਨਾਲ ਅੱਗ ਲੱਗ ਗਈ। 10 ਮਿੰਟ ਬਾਅਦ ਪਾਇਲਟ ਨੇ ਸੂਝਬੂਝ ਨਾਲ ਜਹਾਜ਼ ਨੂੰ ਏਅਰਪੋਰਟ ‘ਤੇ ਲੈਂਡ ਕਰਾ ਦਿੱਤਾ। DGCA ਨੇ ਕਿਹਾ ਕਿ ਪੰਛੀ ਦੇ ਟਕਰਾਉਣ ਨਾਲ ਇੰਜਣ ਵਿਚ ਅੱਗ ਲੱਗੀ ਜਿਸ ਤੋਂ ਬਾਅਦ ਜਹਾਜ਼ ਦੀ ਸੇਫ ਲੈਂਡਿੰਗ ਕਰਵਾਈ ਗਈ ਸਾਰੇ ਯਾਤਰੀ ਏਅਰਪੋਰਟ ਦੇ ਅੰਦਰ ਹੀ ਹਨ। ਦੂਜੀ ਫਲਾਈਟ ਤੋਂ ਸਾਰਿਆਂ ਨੂੰ ਦਿੱਲੀ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਫਲਾਈਟ ਵਿਚ 185 ਯਾਤਰੀ ਸਵਾਰ ਸਨ। ਫਲਾਈਟ ਨੂੰ ਸੁਰੱਖਿਅਤ ਲੈਂਡ ਕਰ ਲਿਆ ਗਿਆ ਹੈ। ਫਿਲਹਾਲ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਕਿਸ ਵਜ੍ਹਾ ਨਾਲ ਇੰਜਣ ਵਿਚ ਅੱਗ ਲੱਗੀ ਹੈ।
ਘਟਨਾ ਦੇ ਤੁਰੰਤ ਬਾਅਦ ਪਟਨਾ ਦੇ ਸਾਰੇ ਵੱਡੇ ਅਧਿਕਾਰੀ ਏਅਰਪੋਰਟ ‘ਤੇ ਪਹੁੰਚੇ। ਐੱਸਐੱਸਪੀ ਮਾਨਵਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜਹਾਜ਼ ਦੇ ਇੱਕ ਵਿੰਗ ਵਿਚ ਅੱਗ ਲੱਗ ਗਈ ਸੀ। ਡੀਐੱਮ ਚੰਦਰਸ਼ੇਖਰ ਨੇ ਦੱਸਿਆ ਕਿ ਇਹ ਪੰਛੀ ਨਾਲ ਟਕਰਾਉਣ ਦਾ ਮਾਮਲਾ ਹੋ ਸਕਦਾ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।