ਮੋਹਾਲੀ ਜ਼ਿਲ੍ਹੇ ਦੇ ਜੀਰਕਪੁਰ ਤੋਂ ਮੰਗਲਵਾਰ ਨੂੰ ਇੱਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਪਤੀ-ਪਤਨੀ ਦੇ ਝਗੜੇ ਵਿੱਚ ਇੱਕ 6 ਮਹੀਨੇ ਮਾਸੂਮ ਨੂੰ ਆਪਣੀ ਜਾਨ ਗੁਆਉਣੀ ਪਈ । ਪੁਲਿਸ ਨੇ ਬਚੇ ਦੀ ਮਾਂ ਦੀ ਸ਼ਿਕਾਇਤ ਦੇ ਅਧਾਰ ‘ਤੇ ਕਥਿਤ ਦੋਸ਼ੀ ਪਿਓ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ । ਇਸ ਮਾਮਲੇ ਵਿੱਚ ਮੁਲਜ਼ਮ ਦੀ ਪਛਾਣ ਅਭਿਸ਼ੇਕ ਸ਼ਰਮਾ ਨਿਵਾਸੀ ਦੇਹਰਾਦੂਨ ਵਜੋਂ ਹੋਈ ਹੈ। ਮੁਲਜ਼ਮ ਚੰਡੀਗੜ੍ਹ ਆਈ. ਟੀ. ਪਾਰਕ ਸਥਿਤ ਇੱਕ ਆਈ. ਟੀ. ਕੰਪਨੀ ਵਿੱਚ ਕੰਮ ਕਰਦਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਬੱਚੇ ਦੀ ਮਾਂ ਨੀਤਿਕਾ ਨੇ ਦੱਸਿਆ ਕਿ ਉਸ ਦਾ ਵਿਆਹ ਨਵੰਬਰ 2020 ਵਿੱਚ ਅਭਿਸ਼ੇਕ ਸ਼ਰਮਾ ਨਾਲ ਹੋਇਆ ਸੀ ਅਤੇ ਜਨਵਰੀ 2022 ਬਿਚ ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਤੋਂ ਹੀ ਉਸ ਦਾ ਪਤੀ ਉਸ ਨਾਲ ਬਹੁਤ ਲੜਾਈ ਕਰਦਾ ਸੀ। ਉਸਨੇ ਦੱਸਿਆ ਕਿ 11 ਜੂਨ ਨੂੰ ਉਸਦਾ ਉਸਦੇ ਪਤੀ ਨਾਲ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸਦੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਤੇ ਉਸ ਦੇ ਪਤੀ ਨੇ ਬੱਚੇ ਨੂੰ ਆਪਣੇ ਕੋਲ ਰੱਖ ਲਿਆ। ਉਸ ਨੇ ਵਾਰ-ਵਾਰ ਦਰਵਾਜ਼ਾ ਖੜਕਾਇਆ ਪਰ ਉਸ ਦੇ ਪਤੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਤੋਂ ਬਾਅਦ ਉਹ ਆਪਣੀ ਭੈਣ ਦੇ ਘਰ ਚਲੀ ਗਈ।
ਸ਼ਾਮ ਨੂੰ ਜਦੋਂ ਉਹ ਘਰ ਵਾਪਸ ਆਈ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਉਪਰੰਤ ਉਹ ਅਗਲੇ ਦਿਨ ਵਾਪਸ ਆਈ ਤਾਂ ਦੇਖਿਆ ਤਾਂ ਦਰਵਾਜ਼ਾ ਖੁੱਲ੍ਹਾ ਸੀ ਅਤੇ ਉਸ ਦਾ ਪਤੀ ਵੀ ਉਥੇ ਬੈਠਾ ਸੀ। ਜਦੋਂ ਮੰਜੇ ‘ਤੇ ਪਏ ਬੱਚੇ ਨੂੰ ਮਾਂ ਨੇ ਚੁੱਕਿਆ ਤਾਂ ਉਸ ਨੂੰ ਸਾਹ ਨਹੀਂ ਆ ਰਿਹਾ ਸੀ । ਜੀਅ ਤੋਂ ਬਾਅਦ ਉਸਦੇ ਪਤੀ ਨੇ ਦੱਸਿਆ ਕਿ ਉਸਨੇ ਉਸਦਾ ਮੂੰਹ ਦਬਾ ਕੇ ਕਤਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਮ੍ਰਿਤਕ ਬੱਚੇ ਦੀ ਮਾਂ ਨੀਤਿਕਾ ਨੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਤੀ ਨੂੰ ਹਿਰਾਸਤ ਵਿੱਚ ਲੈ ਕੇ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਡੇਰਾਬੱਸੀ ਦੀ ਮੋਰਚਰੀ ਵਿੱਚ ਰਖਵਾਇਆ।