Site icon SMZ NEWS

ਮੂਸੇਵਾਲਾ ਕਤਲਕਾਂਡ: ਕੇਕੜਾ ਦਾ ਵੱਡਾ ਖੁਲਾਸਾ, ਕਿਹਾ- “ਮਹਿਜ਼ 15,000 ਰੁਪਏ ‘ਚ ਕੀਤੀ ਸੀ ਸਿੱਧੂ ਮੂਸੇਵਾਲਾ ਦੀ ਰੇਕੀ”

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਇਸ ਕੜੀ ਵਿੱਚ ਫੜੇ ਗਏ ਨਸ਼ੇੜੀ ਸੰਦੀਪ ਕੇਕੜਾ ਨੇ ਪੰਜਾਬ ਪੁਲਿਸ ਦੇ ਸਾਹਮਣੇ ਵੱਡਾ ਖੁਲਾਸਾ ਕੀਤਾ ਹੈ। ਹਰਿਆਣਾ ਦੇ ਸਿਰਸਾ ਸਥਿਤ ਕਾਲਾਂਵਾਲੀ ਦੇ ਰਹਿਣ ਵਾਲੇ ਕੇਕੜੇ ਨੇ ਹੀ ਮੂਸੇਵਾਲਾ ਦੀ ਰੇਕੀ ਕੀਤੀ ਸੀ । ਕੇਕੜਾ ਨੇ ਦੱਸਿਆ ਕਿ ਮੂਸੇਵਾਲਾ ਦੀ ਰੇਕੀ ਦੇ ਬਦਲੇ ਉਸ ਨੂੰ ਸਿਰਫ਼ 15 ਹਜ਼ਾਰ ਰੁਪਏ ਮਿਲੇ ਸਨ । ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਤੋਂ ਰੇਕੀ ਕਰਵਾ ਕੇ ਮੂਸੇਵਾਲਾ ਦਾ ਕਤਲ ਕਰ ਦਿੱਤਾ ਜਾਵੇਗਾ । ਹਾਲਾਂਕਿ ਪੰਜਾਬ ਪੁਲਿਸ ਕੇਕੜੇ ਦੇ ਇਸ ਦਾਅਵੇ ‘ਤੇ ਯਕੀਨ ਨਹੀਂ ਕਰ ਰਹੀ ਹੈ । ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Sidhu Moosewala Murder

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਵਾਲੇ ਦਿਨ ਸੰਦੀਪ ਕੇਕੜਾ ਮੂਸੇਵਾਲਾ ਦੇ ਘਰ ਗਿਆ ਸੀ । ਉਸ ਨੇ ਉਥੇ ਚਾਹ ਪੀਤੀ। ਫਿਰ ਮੂਸੇਵਾਲਾ ਨਾਲ ਸੈਲਫੀ ਲਈ। ਇਸ ਤੋਂ ਬਾਅਦ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਸਾਰੀ ਜਾਣਕਾਰੀ ਦਿੱਤੀ । ਇਸਦੇ ਬਦਲੇ ਸ਼ਾਰਪ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਪ੍ਰਭਦੀਪ ਪੱਬੀ ਨੇ ਉਸ ਨੂੰ 15 ਹਜ਼ਾਰ ਰੁਪਏ ਦਿੱਤੇ।

ਪੁਲਿਸ ਪੁੱਛਗਿੱਛ ਦੌਰਾਨ ਸੰਦੀਪ ਕੇਕੜਾ ਨੇ ਦੱਸਿਆ ਕਿ ਕਤਲ ਵਾਲੇ ਦਿਨ ਉਸ ਦੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ 13 ਵਾਰ ਗੱਲਬਾਤ ਹੋਈ ਸੀ । ਉਹ ਗੋਲਡੀ ਬਰਾੜ ਨੂੰ ਮੂਸੇਵਾਲਾ ਦੀ ਹਰ ਹਰਕਤ ਬਾਰੇ ਜਾਣਕਾਰੀ ਦਿੰਦਾ ਰਿਹਾ । ਉਸ ਨੇ ਗੋਲਡੀ ਨੂੰ ਦੱਸਿਆ ਕਿ ਮੂਸੇਵਾਲਾ ਬਿਨ੍ਹਾਂ ਗੰਨਮੈਨ ਦੇ ਜਾ ਰਿਹਾ ਸੀ । ਜਿਸ ਥਾਰ ਜੀਪ ਵਿੱਚ ਮੂਸੇਵਾਲਾ ਸਫ਼ਰ ਕਰ ਰਿਹਾ ਹੈ, ਉਹ ਬੁਲੇਟ ਪਰੂਫ਼ ਨਹੀਂ ਹੈ । ਮੂਸੇਵਾਲਾ ਨਾਲ 2 ਹੋਰ ਵਿਅਕਤੀ ਹਨ ਪਰ ਉਨ੍ਹਾਂ ਕੋਲ ਹਥਿਆਰ ਨਹੀਂ ਹਨ । ਹਾਲਾਂਕਿ, ਕੇਕੜਾ ਹੁਣ ਇਹ ਦਾਅਵਾ ਕਰ ਰਿਹਾ ਹੈ ਕਿ ਉਸਨੂੰ ਨਹੀਂ ਪਤਾ ਕਿ ਗੋਲਡੀ ਬਰਾੜ ਇੱਕ ਵੱਡਾ ਗੈਂਗਸਟਰ ਹੈ ਅਤੇ ਉਹ ਮੂਸੇਵਾਲਾ ਨੂੰ ਮਰਵਾਉਣ ਲਈ ਮੁਖਬਰੀ ਕਰਵਾ ਰਿਹਾ ਹੈ।

Exit mobile version