ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਚਿੱਠੀ ਦੇ ਜਵਾਬ ਵਿੱਚ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ। ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ‘ਤੇ ਉਨ੍ਹਾਂ ਕਿਹਾ ਕਿ ਜਾਂਚ ਵਿੱਚ ਪੰਜਾਬ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਏਗਾ।
ਬਲਕੌਰ ਸਿੱਧੂ ਨੇ ਚਿੱਠੀ ਵਿੱਚ ਉਨ੍ਹਾਂ ਅਫਸਰਾਂ ਤੋਂ ਵੀ ਜਵਾਬ ਮੰਗਣ ਲਈ ਕਿਹਾ ਸੀ ਜਿਨ੍ਹਾਂ ਨੇ ਸ਼ੁਭਦੀਪ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਸਕਿਓਰਿਟੀ ਦੀ ਸਮੀਖਿਆ ਕੀਤੀ ਸੀ। ਸੀ.ਐੱਮ. ਮਾਨ ਨੇ ਇਸ ਸੰਬੰਧੀ ਵੀ ਜਾਂਚ ਦੇ ਹੁਕਮ ਦਿੱਤੇ ਹਨ।

ਡੀਜੀਪੀ ਵੀਕੇ ਭਵਰਾ ਵੱਲੋਂ ਮੂਸੇਵਾਲਾ ਦੇ ਕਤਲ ਨੂੰ ਗੈਂਗਵਾਰ ਨਾਲ ਜੋੜ ਕੇ ਦੱਸਣ ਵਾਲੇ ਬਿਆਨ ‘ਤੇ ਵੀ ਮੁੱਖ ਮੰਤਰੀ ਨੇ ਡੀਜੀਪੀ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਦੱਸਣਯੋਗ ਹੈ ਕਿ ਸ਼ੁਭਦੀਪ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਕੇਸ ਦੀ ਇਨਕੁਆਰੀ ਮਾਣਯੋਗ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਪੰਜਾਬ ਸਰਕਾਰ ਇਸ ਇਨਕੁਆਰੀ ਵਿੱਚ CBI ਤੇ NIA ਦੇ ਸਹਿਯੋਗ ਨੂੰ ਯਕੀਨੀ ਬਣਾਏ।
ਦੱਸ ਦੇਈਏ ਕਿ ਐਤਵਾਰ ਸ਼ਾਮ 5 ਵਜੇ ਮੂਸੇਵਾਲਾ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਹੈ, ਜਿਸ ਤੋਂ ਬਾਅਦ ਗੈਂਗਸਟਰ ਦਵਿੰਦਰ ਬੰਬਾਹੀ ਗਰੁੱਪ ਵੀ ਸਾਹਮਣੇ ਆ ਗਿਆ ਹੈ। ਬੰਬੀਹਾ ਗਰੁੱਪ ਨੇ ਇਸ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਹੈ, ਇਸ ਨਾਲ ਪੰਜਾਬ ਵਿੱਚ ਗੈਂਗਵਾਰ ਦਾ ਖਦਸ਼ਾ ਵੀ ਵਧ ਗਿਆ ਹੈ।
Comment here