ਜਿਸ ਪੁੱਤ ਦੇ ਸਿਰ ਅਗਲੇ ਮਹੀਨੇ ਸਿਹਰਾ ਬਝਣਾ ਸੀ, ਉਸ ਦੀ ਮਾਂ ਨੂੰ ਕੀ ਪਤਾ ਸੀ ਕਿ ਉਸ ਨੂੰ ਆਪਣੇ ਹੱਥੀਂ ਜਵਾਨ ਪੁੱਤ ਨੂੰ ਮੌਤ ਲਈ ਸਿੰਗਾਰਨਾ ਪੈਣਾ ਐ। ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਦੌਰਾਨ ਸਾਹਮਣੇ ਆਈਆਂ ਤਸਵੀਰਾਂ ਵੇਖ ਕੇ ਦਿਲ ਵਲੂੰਧਰਿਆ ਜਾਂਦਾ ਹੈ। ਸਿੱਧੂ ਮੂਸੇਵਾਲਾ ਕਹਿੰਦਾ ਹੁੰਦਾ ਸੀ ਕਿ ਉਸ ਨੂੰ ਆਪਣੀ ਮਾਂ ਤੋਂ ਜੂੜਾ ਕਰਵਾਉਣਾ ਬਹੁਤ ਪਸੰਦ ਹੈ। ਅੰਤਿਮ ਯਾਤਰਾ ਦੌਰਾਨ ਮਾਂ ਨੇ ਹੱਥੀਂ ਪੁੱਤ ਦਾ ਜੂੜਾ ਕੀਤਾ ਤੇ ਪਿਓ ਨੇ ਸਿਰ ‘ਤੇ ਦਸਤਾਰ ਬੰਨ੍ਹੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਲਈ ਪਿੰਡ ਮੂਸੇਵਾਲਾ ‘ਚ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ ਵਧਦੀ ਜਾ ਰਹੀ ਹੈ। ਮੂਸੇਵਾਲਾ ਦੇ ਕਈ ਪ੍ਰਸ਼ੰਸਕ ਗਰਮੀ ਦੇ ਬਾਵਜੂਦ ਆਪਣੇ ਸਟਾਰ ਨੂੰ ਦੇਖਣ ਲਈ ਨੰਗੇ ਪੈਰੀਂ ਖੜ੍ਹੇ ਹਨ। ਉਨ੍ਹਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ।
ਸਿੱਧੂ ਦੇ ਕਤਲ ਤੋਂ ਦੁਖੀ ਪਿੰਡ ਦੀਆਂ ਔਰਤਾਂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਜ਼ਮੀਨ ‘ਤੇ ਕਤਾਰ ‘ਚ ਬੈਠੀਆਂ ਦੇਖੀਆਂ ਗਈਆਂ। ਇਹ ਸਾਰੇ ਸਿੱਧੂ ਮੂਸੇਵਾਲਾ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਇਕੱਠੀਆਂ ਹੋਈਆਂ ਹਨ। ਪਿੰਡ ਮੂਸੇ ਦੀ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਸਿੱਧੂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪਿੰਡ ਵਿਚ ਵੀ ਉਹ ਸਾਰਿਆਂ ਨਾਲ ਮਿਲ ਕੇ ਰਹਿੰਦਾ ਸੀ। ਗਲੀਆਂ ਵਿੱਚ ਆਉਂਦੇ-ਜਾਂਦੇ ਉਹ ਹਰ ਕਿਸੇ ਨਾਲ ਸੁੱਖ-ਦੁੱਖ ਦੀਆਂ ਗੱਲਾਂ ਕਰਦਾ ਸੀ। ਅਜਿਹੇ ਮਾਸੂਮ ਬੱਚੇ ਨੂੰ ਮਾਰਨ ਵਾਲਿਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ।