ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ) ਦੇ ਕਤਲ ਨਾਲ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਸਦਮਾ ਲੱਗਾ ਹੈ। ਇਸ ਕਾਂਡ ਨਾਲ ਪੰਜਾਬ ਦੀ ਸਿਆਸੀ ਹਵਾ ਦਾ ਰੁਖ਼ ਬਦਲਦਾ ਨਜ਼ਰ ਆ ਰਿਹਾ ਹੈ। ਅਜਿਹੇ ‘ਚ ਸੰਗਰੂਰ ਲੋਕ ਸਭਾ ਸੀਟ ‘ਤੇ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ‘ਤੇ ਇਸ ਕਾਂਡ ਦਾ ਡੂੰਘਾ ਅਸਰ ਪੈਣ ਦੇ ਪੂਰੇ ਆਸਾਰ ਹਨ।
ਸਿੱਧੂ ਮੂਸੇਵਾਲਾ ਕਤਲ ਕਾਂਡ ਸੰਗਰੂਰ ਜ਼ਿਮਨੀ ਚੋਣ ਸਣੇ ਪੰਜਾਬ ਦੀ ਸਿਆਸਤ ‘ਤੇ ਸਾਰੇ ਮੁੱਦਿਆਂ ਨੂੰ ਘੇਰਦਾ ਨਜ਼ਰ ਆ ਰਿਹਾ ਹੈ। ਜ਼ਿਮਨੀ ਚੋਣ ‘ਚ ਵਿਰੋਧੀ ਪਾਰਟੀਆਂ ਨੂੰ ਸੱਤਾਧਾਰੀ ਪਾਰਟੀ ਨੂੰ ਘੇਰਨ ਲਈ ਵੱਡਾ ਮੁੱਦਾ ਮਿਲ ਗਿਆ ਹੈ। ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ‘ਘਰ’ ਵਿੱਚ ਘੇਰਨ ਦੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਸਰਕਾਰ ਖ਼ਿਲਾਫ਼ ਤਿੱਖੀ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਇਲਾਕੇ ਦੇ ਲੋਕ ਸੰਵੇਦਨਸ਼ੀਲ ਰਹੇ ਹਨ ਅਤੇ ਵੱਡੀਆਂ ਤਬਦੀਲੀਆਂ ਲਿਆਉਣ ਵਿੱਚ ਦੇਰ ਨਹੀਂ ਕਰਦੇ। ਇਸ ਇਲਾਕੇ ਨੇ ਆਪ ਲਈ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਕੀਤੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਇਸ ਲੋਕ ਸਭਾ ਸੀਟ ਤੋਂ ਦੋ ਵਾਰ ਵੱਡੇ ਫਰਕ ਨਾਲ ਜਿੱਤ ਚੁੱਕੇ ਹਨ। ਇਸ ਖੇਤਰ ਨੇ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸਤ ਨੂੰ ਧਾਰ ਦਿੱਤੀ ਸੀ। ਅਭਿਨੇਤਾ ਦੀਪ ਸਿੱਧੂ ਦੀ ਮੌਤ ਦਾ ਅਸਰ ਸੰਗਰੂਰ, ਬਰਨਾਲਾ ਜ਼ਿਲ੍ਹਿਆਂ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸਾਫ਼ ਨਜ਼ਰ ਆਇਆ। ਫਿਰ ਅਕਾਲੀ ਦਲ (ਅੰਮ੍ਰਿਤਸਰ) ਦੀਪ ਸਿੱਧੂ ਦੇ ਮੁੱਦੇ ‘ਤੇ ਨੌਜਵਾਨ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ‘ਚ ਸਫਲ ਰਿਹਾ।
ਅਮਰਗੜ੍ਹ ਹਲਕੇ ਤੋਂ ਚੋਣ ਲੜਨ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ 38,000 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੇ। ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਹੈ। ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਿਮਰਨਜੀਤ ਸਿੰਘ ਮਾਨ 1999 ਵਿੱਚ ਸੰਗਰੂਰ ਲੋਕ ਸਭਾ ਚੋਣ ਜਿੱਤ ਚੁੱਕੇ ਹਨ ਅਤੇ ਜੇ ਉਹ ਚੋਣ ਮੈਦਾਨ ਵਿੱਚ ਹਨ ਤਾਂ ਵੱਡੇ ਉਲਟਫੇਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸੰਗਰੂਰ ਸੰਸਦੀ ਸੀਟ ਅਧੀਨ ਆਉਂਦੀਆਂ 9 ਵਿਧਾਨ ਸਭਾ ਸੀਟਾਂ ‘ਤੇ ‘ਆਪ’ ਦਾ ਪ੍ਰਦਰਸ਼ਨ ਇਤਿਹਾਸਕ ਰਿਹਾ। ਇਨ੍ਹਾਂ ਨੌਂ ਸੀਟਾਂ ‘ਤੇ ‘ਆਪ’ ਨੇ 53 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ। ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲੋਂ ਸਾਢੇ ਚਾਰ ਲੱਖ ਅਤੇ ਅਕਾਲੀ ਦਲ ਨਾਲੋਂ ਪੰਜ ਲੱਖ ਵੱਧ ਵੋਟਾਂ ਮਿਲੀਆਂ ਹਨ। ਸੰਗਰੂਰ ਸੰਸਦੀ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ (ਮਲੇਰਕੋਟਲਾ, ਧੂਰੀ, ਸੰਗਰੂਰ, ਸੁਨਾਮ, ਦਿੜਬਾ, ਲਹਿਰਾਗਾਗਾ, ਬਰਨਾਲਾ, ਭਦੌੜ ਅਤੇ ਮਹਿਲਕਲਾਂ) ਸ਼ਾਮਲ ਹਨ।
ਉਪਰੋਕਤ ਨੌਂ ਹਲਕਿਆਂ ਵਿੱਚ ਕੁੱਲ 12 ਲੱਖ 9 ਹਜ਼ਾਰ ਵੋਟਾਂ ਪਈਆਂ ਅਤੇ ‘ਆਪ’ ਨੂੰ 6 ਲੱਖ 43 ਹਜ਼ਾਰ ਵੱਧ ਵੋਟਾਂ ਮਿਲੀਆਂ। ਕਾਂਗਰਸ ਨੂੰ ਦੋ ਲੱਖ 18 ਹਜ਼ਾਰ, ਅਕਾਲੀ ਦਲ ਨੂੰ ਇਕ ਲੱਖ 41 ਹਜ਼ਾਰ, ਭਾਜਪਾ ਨੂੰ 86 ਹਜ਼ਾਰ ਵੋਟਾਂ ਮਿਲੀਆਂ ਸਨ। ਮੌਜੂਦਾ ਦੌਰ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੀ ਬਦਲੀ ਹੋਈ ਸਿਆਸੀ ਹਵਾ ਇੱਕ ਨਵੇਂ ਸਮੀਕਰਨ ਨੂੰ ਜਨਮ ਦੇ ਸਕਦੀ ਹੈ।
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਜਲਦ ਹੀ ਉਮੀਦਵਾਰ ਦਾ ਐਲਾਨ ਕਰੇਗੀ। ਸੀ.ਐੱਮ. ਮਾਨ ਦੀ ਭੈਣ ਮਨਪ੍ਰੀਤ ਕੌਰ ਤੋਂ ਇਲਾਵਾ ਕੁਝ ਮਸ਼ਹੂਰ ਹਸਤੀਆਂ ਦੇ ਨਾਂ ਵੀ ਚਰਚਾ ‘ਚ ਹਨ ਪਰ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਆਮ ਆਦਮੀ ਪਾਰਟੀ ‘ਚ ਉਮੀਦਵਾਰ ਦੀ ਚੋਣ ਨੂੰ ਲੈ ਕੇ ਮੁੜ ਮੰਥਨ ਸ਼ੁਰੂ ਹੋ ਗਿਆ ਹੈ।
ਵ