ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ਭੇਜਣ ਲਈ 10 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ ਤਹਿਤ ਛੱਤੀਸਗੜ੍ਹ ਤੋਂ ਰਾਜੀਵ ਸ਼ੁਕਲਾ ਤੇ ਰਣਜੀਤ ਰੰਜਨ, ਹਰਿਆਣਾ ਤੋਂ ਅਜੇ ਮਾਕਣ, ਕਰਨਾਟਕ ਤੋਂ ਜੈਰਾਮ ਰਮੇਸ਼ ਮੱਧ ਪ੍ਰਦੇਸ਼ ਤੋਂ ਵਿਵੇਕ ਤੰਖਾ,, ਮਹਾਰਾਸ਼ਟਰ ਤੋਂ ਇਮਰਾਨ ਪ੍ਰਤਾਪਗੜ੍ਹੀ, ਰਾਜਸਥਾਨ ਤੋਂ ਰਣਦੀਪ ਸਿੰਘ ਸੂਰਜੇਵਾਲਾ, ਮੁਕੁਲ ਵਸਨੀਕ, ਪ੍ਰਮੋਦ ਤਿਵਾੜੀ ਤੇ ਤਾਮਿਲਨਾਡੂ ਤੋਂ ਪੀ. ਚਿਦਾਂਬਰਮ ਦੇ ਨਾਵਾਂ ‘ਤੇ ਮੋਹਰ ਲੱਗੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਰਾਜ ਸਭਾ ਭੇਜਣ ਲਈ ਦੋ ਨਾਂ ਫਾਈਨਲ ਕਰ ਲਏ ਹਨ। ਪਦਮਸ਼੍ਰੀ ਸੰਤ ਸੀਚੇਵਾਲ ਤੇ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਣੀ ਦੇ ਨਾਂ ਪਾਰਟੀ ਵੱਲੋਂ ਫਾਈਨਲ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਸੰਗਰੂਰ ਲੋਕ ਸਭਾ ਹਲਕੇ-12 ਦੀ ਜ਼ਿਮਨੀ ਚੋਣ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਸੋਮਵਾਰ ਨੂੰ ਜਾਰੀ ਹੋ ਜਾਵੇਗਾ ਅਤੇ ਉਮੀਦਵਾਰ 6 ਜੂਨ, 2022 ਤੱਕ ਨਾਮਜ਼ਦਗੀਆਂ ਦਾਖਲ ਕਰ ਸਕਦੇ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਸ਼ਡਿਊਲ ਅਨੁਸਾਰ ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ 30 ਮਈ, 2022 ਹੈ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 6 ਜੂਨ, 2022 ਹੈ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 7 ਜੂਨ, 2022 ਨੂੰ ਹੋਵੇਗੀ।