ਲੱਖਾਂ ਰੁਪਏ ਕਮਾਉਣ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਜੇਲ੍ਹ ਵਿੱਚ ਤਿੰਨ ਮਹੀਨੇ ਬਿਨਾਂ ਤਨਖਾਹ ਦੇ ਕੰਮ ਕਰਨਾ ਪਏਗਾ। ਇਸ ਮਗਰੋਂ ਉਹ 30 ਤੋਂ 90 ਰੁਪਏ ਰੋਜ਼ਾਨਾ ਕਮਾ ਸਕਣਗੇ। ਇਹੀ ਨਹੀਂ, ਰੰਗੀਨ ਕੱਪੜਿਆਂ ਦੇ ਸ਼ੌਕੀਨ ਸਿੱਧੂ ਹੁਣ ਕੈਦੀ ਬਣਨ ਜਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਜੇਲ੍ਹ ਮੈਨਿਊਲ ਮੁਤਾਬਕ ਕੈਦੀਆਂ ਵਾਲੇ ਸਫੈਦ ਕੱਪੜੇ ਪਹਿਨਣੇ ਹੋਣਗੇ।
ਦੂਜੇ ਪਾਸੇ ਮਾਨ ਸਰਕਾਰ ਦੇ ਜੇਲ੍ਹ ਮੰਤਰੀ ਹਰਜੋਤ ਬੈਂਤ ਨੇ ਵੀ ਕਿਹਾ ਹੈ ਕਿ ਜੇਲ੍ਹ ਵਿੱਚ ਸਿੱਧੂ ਨੂੰ ਵੀ.ਆਈ.ਪੀ. ਟ੍ਰੀਟਮੈਂਟ ਨਹੀਂ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸਿੱਧੂ ਵੀ ਹੁਣ ਇੱਕ ਕੈਦੀ ਹਨ ਤੇ ਉਹ ਜੇਲ੍ਹ ਵਿੱਚ ਦੂਜੇ ਕੈਦੀਆਂ ਵਾਂਗ ਰਹਿਣਗੇ।

ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਸਖਤ ਕੈਦ ਦੀ ਸਜ਼ਾ ਸੁਣਾਈ ਹੈ। ਇਸ ਲਈ ਜੇਲ੍ਹ ਵਿੱਚ ਉਨ੍ਹਾਂ ਨੂੰ ਮਿਹਨਤ ਕਰਨੀ ਪਏਗੀ। ਜੇਲ੍ਹ ਵਿੱਚ ਉਨ੍ਹਾਂ ਤੋਂ ਕੰਮ ਲਿਆ ਜਾਏਗਾ। ਹਾਲਾਂਕਿ ਜੇਲ੍ਹ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਤਿੰਨ ਮਹੀਨੇ ਦੀ ਟ੍ਰੇਨਿੰਗ ਵਜੋਂ ਕੰਮ ਕਰਨਾ ਹੋਵੇਗਾ। ਤਿੰਨ ਮਹੀਨੇ ਬਾਅਦ ਸਿੱਧੂ ਅਰਧ-ਕੁਸ਼ਲ ਕੈਦੀ ਬਣਨਗੇ। ਉਦੋਂ ਉਨ੍ਹਾਂ ਨੂੰ 30 ਰੁਪਏ ਰੋਜ਼ਾਨਾ ਮਿਲਣਗੇ। ਇਸ ਤੋਂ ਬਾਅਦ ਉਹ ਕੁਸ਼ਲ ਕੈਦੀ ਬਣ ਜਾਣਗੇ ਤਾਂ 90 ਰੁਪਏ ਦੀ ਰੋਜ਼ਾਨਾ ਕਮਾਈ ਹੋਵੇਗੀ।
ਸਿੱਧੂ ਪੜ੍ਹੇ-ਲਿਖੇ ਹਨ। ਇਸ ਲਈ ਜੇਲ੍ਹ ਅੰਦਰ ਉਨ੍ਹਾਂ ਤੋਂ ਬਣੀ ਫੈਕਟਰੀ ਵਿੱਚ ਕੰਮ ਲਿਆ ਜਾ ਸਕਦਾ ਹੈ। ਇਥੇ ਬਿਸਕੁਟ ਤੇ ਫਰਨੀਚਰ ਆਦਿ ਬਣਦੇ ਹਨ। ਹਾਲਾਂਕਿ ਉਨ੍ਹਾਂ ਤੋਂ ਲਾਇਬ੍ਰੇਰੀ ਜਾਂ ਜੇਲ੍ਹ ਆਫਿਸ ਵਿੱਚ ਵੀ ਕੰਮ ਲਿਆ ਜਾ ਸਕਦਾ ਹੈ। ਉਨ੍ਹਾਂ ਨੂੰ 8 ਘੰਟੇ ਕੰਮ ਕਰਨਾ ਹੋਵੇਗਾ।
Comment here