Site icon SMZ NEWS

ਮੋਹਾਲੀ : ਕਿਸਾਨਾਂ ਨੇ YPS ਚੌਕ ‘ਤੇ ਲਾਇਆ ਮੋਰਚਾ, ਕਿਹਾ- ‘CM ਮਾਨ ਨੂੰ ਮਿਲੇ ਬਿਨਾਂ ਨਹੀਂ ਜਾਵਾਂਗੇ’

ਪੁਲਿਸ ਦੀ ਭਾਰੀ ਤਾਇਨਾਤੀ ਦੇ ਵਿਚਕਾਰ ਕਈ ਕਿਸਾਨ ਜਥੇਬੰਦੀਆਂ ਨੇ ਮੋਹਾਲੀ ਦੇ ਵਾਈਪੀਐਸ ਚੌਕ ਵਿਖੇ ਮੋਰਚਾ ਲਾ ਲਿਆ ਹੈ। ਬਿਜਲੀ ਅਤੇ ਪਾਣੀ ਦੀ ਕਿੱਲਤ ਦੌਰਾਨ ਬਿਜਾਈ ਵਿੱਚ ਦੇਰੀ ਦੇ ਫੈਸਲੇ ਸਣੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ 23 ਦੇ ਕਰੀਬ ਕਿਸਾਨ ਯੂਨੀਅਨਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ।

ਧਰਨਾਕਾਰੀ ਕਿਸਾਨਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਬਿਨਾਂ ਨਹੀਂ ਜਾਣਗੇ। ਇਸ ਦੌਰਾਨ ਭਗਵੰਤ ਮਾਨ ਕਿਸਾਨ ਮੋਰਚੇ ‘ਤੇ ਚਰਚਾ ਕਰਨ ਲਈ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਦਿੱਲੀ ਪੁੱਜੇ ਹੋਏ ਹਨ।

ਇੱਕ ਕਿਸਾਨ ਆਗੂ ਨੇ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਨੂੰ ਇੱਕ ਦਿਨ ਦਾ ਅਲਟੀਮੇਟਮ ਦਿੱਤਾ ਹੈ। ਅਸੀਂ ਕਿਸੇ ਅਧਿਕਾਰੀ ਜਾਂ ਕੈਬਨਿਟ ਮੰਤਰੀ ਨੂੰ ਨਹੀਂ ਮਿਲਣਾ ਚਾਹੁੰਦੇ। ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਹਾਂ। ਚੰਡੀਗੜ੍ਹ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਪੰਜਾਬ ਪੁਲਿਸ ਨੇ ਰੋਕ ਲਿਆ। ਪੁਲਿਸ ਨੇ ਬੈਰੀਕੇਡ, ਟਿੱਪਰ ਲਗਾ ਦਿੱਤੇ ਹਨ ਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਗੱਲ ਨਹੀਂ ਕਰਦੀ, ਉਹ ਇੱਥੇ ਪੱਕੇ ਮੋਰਚੇ ‘ਤੇ ਬੈਠਣਗੇ। ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ ਮੁਹਾਲੀ ਨਾਲ ਲੱਗਦੀ ਸਰਹੱਦ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਕਿਸੇ ਨੂੰ ਵੀ ਟਰੈਕਟਰ ਟਰਾਲੀ ਲੈ ਕੇ ਚੰਡੀਗੜ੍ਹ ਵਿੱਚ ਦਾਖਲ ਨਹੀਂ ਹੋਣ ਦੇਵੇਗੀ। ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਪਰ ਕਿਸਾਨ ਸੀ.ਐੱਮ ਭਗਵੰਤ ਮਾਨ ਨੂੰ ਮਿਲਣ ‘ਤੇ ਅੜੇ ਹੋਏ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਿਥੇ ਪੁਲਿਸ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕੇਗੀ, ਉਥੇ ਪੱਕਾ ਮੋਰਚਾ ਲਾਉਣਗੇ।

Exit mobile version