ਤਰਨਤਾਰਨ ਦੇ ਪਿੰਡ ਪੱਖੋਪੁਰ ਵਿਚ ਅੱਜ ਇੱਕ ਵੱਡੀ ਵਾਰਦਾਤ ਵਾਪਰੀ। ਇਥੇ ਜ਼ਮੀਨੀ ਝਗੜੇ ਨੂੰ ਲੈ ਕੇ ਘਰ ‘ਤੇ ਗੋਲੀਆਂ ਚੱਲ ਗਈਆਂ ਤੇ ਇੱਕ ਗੋਲੀ ਔਰਤ ਨੂੰ ਲੱਗ ਗਈ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕਾਫੀ ਦਿਨਾਂ ਤੋਂ ਦੋ ਪਰਿਵਾਰਾਂ ਵਿਚ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਅੱਜ ਅਚਾਨਕ ਤਕਰਾਰ ਇੰਨਾ ਵਧ ਗਿਆ ਕਿ ਉਸ ਨੇ ਖੂਨੀ ਰੂਪ ਧਾਰ ਲਿਆ। 3 ਨੌਜਵਾਨਾਂ ਵੱਲੋਂ ਗੋਲੀਆਂ ਤੱਕ ਚਲਾ ਦਿੱਤੀਆਂ ਗਈਆਂ ਜਿਸ ਵਿਚ ਇੱਕ ਔਰਤ ਦੀ ਮੌਤ ਹੋ ਗਈ। ਇਸ ਤੋਂ ਬਾਅਦ ਤਿੰਨੋ ਨੌਜਵਾਨਾਂ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕਾ ਦੀ ਪਛਾਣ ਰਾਜਬੀਰ ਕੌਰ ਵਜੋਂ ਹੋਈ ਹੈ ਤੇ ਉਸ ਦੇ ਤਿੰਨ ਛੋਟੇ-ਛੋਟੇ ਬੱਚੇ ਹਨ।
ਪੁਲਿਸ ਨੂੰ ਸਾਰੇ ਮਾਮਲੇ ਬਾਰੇ ਸੂਚਿਤ ਕੀਤਾ ਗਿਆ ਤੇ ਉਹ ਮੌਕੇ ‘ਤੇ ਪੁੱਜੀ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਰਾਜਬੀਰ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਾਫੀ ਦਿਨਾਂ ਤੋ ਜ਼ਮੀਨੀ ਝਗੜਾ ਚੱਲਦਾ ਸੀ। ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਆਏ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਜਦ ਮ੍ਰਿਤਕ ਮਹਿਲਾ ਰਾਜਬੀਰ ਕੌਰ ਆਪਣੇ ਘਰ ਦੇ ਦਰਵਾਜ਼ੇ ‘ਤੇ ਗਈ ਤਾਂ ਨੌਜਵਾਨਾਂ ਨੇ ਆਪਣੀ 12 ਬੋਰ ਰਾਈਫ਼ਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ,ਜੋ ਇੱਕ ਗੋਲ਼ੀ ਰਾਜਬੀਰ ਕੌਰ ਦੇ ਲੱਗ ਗਈ। ਜਿਸ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਰਾਜਬੀਰ ਕੌਰ ਆਪਣੇ ਪਿਛੇ ਤਿੰਨ ਮਾਸੂਸ ਬੱਚਿਆ ਨੂੰ ਛੱਡ ਗਈ , ਜਿਨ੍ਹਾਂ ਦੀ ਉਮਰ 5-6 ਸਾਲ ਦੇ ਕਰੀਬ ਹੈ।