ਹਰਿਆਣਾ ਦੇ ਰਾਖੀਗੜ੍ਹੀ ਵਿਚ ਹੜੱਪਾ ਕਾਲੀਨ ਸੋਨੇ ਦੀ ਫੈਕਟਰੀ ਮਿਲੀ ਹੈ। ਇਹ ਫੈਕਟਰੀ 5000 ਸਾਲ ਪੁਰਾਣੀ ਹੈ। ਪੁਤਾਤਤਵ ਵਿਭਾਗ ਪਿਛਲੇ 32 ਸਾਲਾਂ ਤੋਂ ਇਥੇ ਖੁਦਾਈ ਕਰ ਰਿਹਾ ਹੈ। ਖੁਦਾਈ ਵਿਚ ਸਮੇਂ-ਸਮੇਂ ਕਈ ਮਹੱਤਵਪੂਰਨ ਚੀਜ਼ਾਂ ਮਿਲੀਆਂ ਹਨ। ਇਸ ਵਾਰ ਵਿਭਾਗ ਨੂੰ ਸੀਲ, ਸੋਨਾ, ਮਿੱਟੀ ਦੀਆਂ ਚੂੜੀਆਂ ਤੇ ਹੋਰ ਮਹੱਤਵਪੂਰਨ ਸਾਮਾਨ ਮਿਲਿਆ ਹੈ।
ਹਾਲਾਂਕਿ ਗੋਲਡ ਕਾਫੀ ਘੱਟ ਮਾਤਰਾ ਵਿਚ ਮਿਲਿਆ ਹੈ। ਨਾਲ ਹੀ ਜੋ ਸੀਲ ਪਾਈ ਗਈ ਹੈ, ਉਸ ਵਿਚ ਹੜੱਪਾ ਕਾਲ ਵਿਚ ਇਸਤੇਮਾਲ ਕੀਤੇ ਜਾਣ ਵਾਲੀ ਲਿਪੀ ਲਿਖੀ ਹੈ। ਲਿਪੀ ਨੂੰ ਪੜ੍ਹਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਿਸਾਰ ਦੇ ਰਾਖੀਗੜ੍ਹ ਵਿਚ ਪੁਰਾਤਤਵ ਵਿਭਾਗ ਨੇ 7000 ਸਾਲ ਪੁਰਾਣੇ ਸ਼ਹਿਰ ਦੀ ਖੋਜ ਕੀਤੀ ਹੈ। ਇਸ ਵਿਚ ਉਸ ਸਮੇਂ ਦੇ ਮਕਾਨਾਂ ਦੀ ਡਿਜ਼ਾਈਨ ਵੀ ਮਿਲੀ ਹੈ। ਮਕਾਨਾਂ ਦੇ ਅੰਦਰ ਕਿਚਨ ਦੇ ਸਟ੍ਰਕਚਰ ਵੀ ਪਾਏ ਗਏ ਹਨ।
ਭਾਰਤੀ ਪੁਰਾਤਤਵ ਵਿਭਾਗ ਦਾ ਕਹਿਣਾ ਹੈ ਕਿ ਖੁਦਾਈ ਦੌਰਾਨ ਤਾਂਬੇ ਤੇ ਸੋਨੇ ਦੇ ਕਈ ਗਹਿਣੇ ਮਿਲੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਇਹ ਜਗ੍ਹਾ ਵਪਾਰ ਤੇ ਕਾਰੋਬਾਰ ਦਾ ਇੱਕ ਮਹੱਤਵਪੂਰਨ ਸਥਾਨ ਰਿਹਾ ਹੋਵੇਗਾ।
ਰਾਖੀਗੜ੍ਹੀ ਸਾਈਟ ਤੋਂ ਹੁਣ ਤੱਕ ਕੁੱਲ 38 ਕੰਕਾਲ ਮਿਲ ਚੁੱਕੇ ਹਨ। ਫਿਲਹਾਲ 2 ਔਰਤਾਂ ਦੇ ਕੰਕਾਲ ਮਿਲੇ ਹਨ ਜਿਨ੍ਹਾਂ ਕੋਲ ਚੂੜੀਆਂ, ਤਾਂਬੇ ਦਾ ਸ਼ੀਸ਼ਾ ਤੇ ਟੁੱਟੇ ਭਾਂਡੇ ਮਿਲੇ ਹਨ। ਇਕ ਕੰਕਾਲ ਦਾ ਡੀਐੱਨਏ ਟੈਸਟ ਕੀਤਾ ਗਿਆ ਹੈ ਜਿਸ ਤੋਂ ਸਾਬਤ ਹੋਇਆ ਕਿ ਉਹ ਮੂਲ ਤੌਰ ਤੋਂ ਭਾਰਤੀ ਸੀ। ਖੁਦਾਈ ਦੌਰਾਨ ਭਾਂਡਿਆਂ ‘ਤੇ ਉਸ ਸਮੇਂ ਦੀ ਲਿਪੀ ਲਿਖੀ ਹੋਈ ਹੈ। ਇਸ ਨੂੰ ਅਜੇ ਤੱਕ ਕੋਈ ਪੜ੍ਹ ਨਹੀਂ ਸਕਿਆ ਹੈ ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਲਿਪੀ ਨੂੰ ਜਲਦ ਹੀ ਪੜ੍ਹ ਲਿਆ ਜਾਵੇਗਾ।
Comment here