ਕੇਂਦਰ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਅੱਜ ਰਾਤ ਤੱਕ ਉਨ੍ਹਾਂ ਸਾਰੇ ਸਾਬਕਾ ਸੈਨਿਕਾਂ ਦੇ ਬੈਂਕ ਖਾਤਿਆਂ ਵਿਚ ਪੈਨਸ਼ਨ ਦੀ ਰਕਮ ਟਰਾਂਸਫਰ ਕਰ ਦਿੱਤੀ ਜਾਵੇਗੀ। 58,000 ਤੋਂ ਵੱਧ ਸਾਬਕਾ ਸੈਨਿਕ ਅਪ੍ਰੈਲ ਮਹੀਨੇ ਦੀ ਪੈਨਸ਼ਨ ਨਾ ਮਿਲਣ ਕਾਰਨ ਸਰਕਾਰ ਤੋਂ ਨਾਰਾਜ਼ ਸਨ। ਇਸ ਲਈ ਸਾਬਕਾ ਸੈਨਿਕਾਂ ਨੇ ਸਰਕਾਰ ਖਿਲਾਫ ਆਪਣਾ ਵਿਰੋਧ ਵੀ ਪ੍ਰਗਟ ਕੀਤਾ। ਇਸ ਮੁੱਦੇ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਚੁੱਕਿਆ ਸੀ ਅਤੇ ਸਰਕਾਰ ‘ਤੇ ਵਨ ਰੈਂਕ ਵਨ ਪੈਨਸ਼ਨ ਦੀ ਬਜਾਏ ਆਲ ਰੈਂਕ ਨੋ ਪੈਨਸ਼ਨ ਦਾ ਦੋਸ਼ ਲਗਾਇਆ ਸੀ।

ਅਪ੍ਰੈਲ 2022 ਲਈ ਰੱਖਿਆ ਮੰਤਰਾਲੇ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਦਿੱਤੀ ਗਈ ਜਿਸ ਨਾਲ ਕਈ ਸਾਬਕਾ ਸੈਨਿਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥ੍ਰੀ ਸਟਾਰ ਅਧਿਕਾਰੀਆਂ ਸਣੇ ਇਸ ਤੋਂ ਉਪਰ ਦੀ ਰੈਂਕ ਵਾਲੇ ਅਧਿਕਾਰੀਆਂ ਨੂੰ ਅਪ੍ਰੈਲ ਮਹੀਨੇ ਦੀ ਪੈਨਸ਼ਨ ਨਹੀਂ ਮਿਲੀ ਸੀ।
ਰੱਖਿਆ ਮੰਤਰਾਲੇ ਨੇ ਮਾਮਲੇ ਦਾ ਨੋਟਿਸ ਲਿਆ ਤੇ ਲਿਖਿਤ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮਹੀਨਾਵਾਰ ਪੈਨਸ਼ਨ ਹਾਸਲ ਕਰਨ ਲਈ ਪੈਨਸ਼ਨਰਾਂ ਨੂੰ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਵਾਉਣਾ ਜ਼ਰੂਰੀ ਹੋਵੇਗਾ। ਹਾਲਾਂਕਿ ਮੰਤਰਾਲੇ ਨੇ ਇਸ ਮਾਮਲੇ ਵਿਚ ਦਖਲ ਦਿੱਤਾ ਤੇ ਉਨ੍ਹਾਂ ਨੂੰ ਪੈਨਸ਼ਨ ਦੇਣ ਦੀ ਇਜਾਜ਼ਤ ਦਿੱਤੀ। ਨਾਲ ਹੀ ਪੈਨਸ਼ਨ ਹਾਸਲ ਕਰਨ ਲਈ ਆਪਣੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਇਕਮੁਸ਼ਤ ਖਾਸ ਛੋਟ ਦੇਣ ਦੀ ਗੱਲ ਕਹੀ। ਨਾਲ ਹੀ ਕਿਹਾ ਕਿ ਮੁਸ਼ਕਲ ਤੋਂ ਬਚਣ ਲਈ ਇਨ੍ਹਾਂ 58,275 ਪੈਨਸ਼ਨਰਾਂ ਨੂੰ 25 ਮਈ ਤੱਕ ਉਨ੍ਹਾਂ ਦੀ ਪਛਾਣ ਕਰਨ ਲਈ ਇਕਮੁਸ਼ਤ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਅਪ੍ਰੈਲ ਲਈ ਪੈਨਸ਼ਨ ਅੱਜ ਰਾਤ ਬੈਂਕ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ। ਨਾਲ ਹੀ ਮੰਤਰਾਲੇ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਹੁਣ ਬਕਾਇਆ ਜੀਵਨ ਸਰਟੀਫਿਕੇਟਾਂ ਬਾਰੇ SMS ਅਤੇ ਈਮੇਲ ਰਾਹੀਂ ਸੂਚਿਤ ਕੀਤਾ ਜਾਵੇਗਾ।
Comment here