ਬਿਹਾਰ ਦੇ ਸਮਸਤੀਪੁਰ ਤੋਂ ਇੱਕ ਅਜੀਬ ਜਿਹਾ ਵਾਕਿਆ ਸਾਹਮਣੇ ਆਇਆ ਹੈ। ਇਥੇ ਹਸਨਪੁਰ ਰੇਲਵੇ ਸਟੇਸ਼ਨ ‘ਤੇ ਇੱਕ ਯਾਤਰੀ ਗੱਡੀ ਖੜ੍ਹੀ ਕਰਕੇ ਲੋਕੋ ਪਾਇਲਟ ਸ਼ਰਾਬ ਪੀਣ ਬਾਜ਼ਾਰ ਚਲਾ ਗਿਆ। ਉਹ ਕਾਫੀ ਦੇਰ ਤੱਕ ਨਹੀਂ ਪਰਤਿਆ ਤੇ ਟ੍ਰੇਨ ਵਿਚ ਬੈਠੇ ਯਾਤਰੀ ਪ੍ਰੇਸ਼ਾਨ ਹੁੰਦੇ ਰਹੇ।
ਜਦੋਂ ਨਸ਼ੇ ‘ਚ ਉਸ ਨੇ ਹੰਗਾਮਾ ਸ਼ੁਰੂ ਕੀਤਾ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਸਟੇਸ਼ਨ ਤੋਂ ਜੀਆਰਪੀ ਦੀ ਟੀਮ ਬਾਜ਼ਾਰ ਗਈ ਤੇ ਨਸ਼ੇ ‘ਚ ਧੁੱਤ ਪਾਇਲਟ ਨੂੰ ਫੜ ਕੇ ਲੈ ਆਈ। ਪਾਇਲਟ ਦੀ ਹਾਲਤ ਟ੍ਰੇਨ ਚਲਾਉਣ ਵਾਲੀ ਨਹੀਂ ਸੀ। ਇਸ ਤੋਂ ਬਾਅਦ ਦੂਜੇ ਪਾਇਲਟ ਨੂੰ ਭੇਜ ਕੇ ਟ੍ਰੇਨ ਰਵਾਨਾ ਕੀਤੀ ਗਈ।
ਸੋਮਵਾਰ ਸ਼ਾਮ ਨੂੰ 95278 ਸਮਸਤੀਪੁਰ-ਸਹਰਸਾ ਸਵਾਰੀ ਟ੍ਰੇਨ ਸ਼ਾਮ 4.05 ਵਜੇ ਸਰਹਸਾ ਲਈ ਚੱਲੀ ਸੀ। ਜਦੋਂ ਟ੍ਰੇਨ ਸ਼ਾਮ 5.41 ਵਜੇ ਹਸਨਪੁਰ ਪੁੱਜੀ ਤਾਂ ਪਾਇਲਟ ਨੂੰ ਰਾਜਧਾਨੀ ਦੇ ਕਰਾਸ ਹੋਣ ਦੀ ਜਾਣਕਾਰੀ ਦਿੱਤੀ ਗਈ। ਟ੍ਰੇਨ ਦੇ ਪਾਇਲਟ ਤੇ ਕੋ-ਪਾਇਲਟ ਟ੍ਰੇਨ ਤੋਂ ਉਤਰ ਗਏ। ਪਾਇਲਟ ਨੇ ਕਿਹਾ ਕਿ ਰਾਜਧਾਨੀ ਆਉਣ ‘ਚ ਅਜੇ ਸਮਾਂ ਹੈ, ਸ਼ਹਿਰ ਦਾ ਬਾਜ਼ਾਰ ਘੁੰਮ ਕੇ ਆਉਂਦਾ ਹਾਂ।
ਬਾਜ਼ਾਰ ਵਿਚ ਉਸ ਨੇ ਇੱਕ ਜਗ੍ਹਾ ਸ਼ਰਾਬ ਪੀ ਲਈ ਤੇ ਹੰਗਾਮਾ ਕਰਨ ਲੱਗਾ। ਉਥੇ ਭੀੜ ਇਕੱਠੀ ਹੋ ਗਈ। ਲੋਕਾਂ ਦੀ ਸੂਚਨਾ ‘ਤੇ ਜੀਆਰਪੀ ਮੌਕੇ ‘ਤੇ ਪੁੱਜੀ ਅਤੇ ਪਾਇਲਟ ਨੂੰ ਗ੍ਰਿਫਤਾਰ ਕਰ ਲਿਆ। ਅੱਜ ਉਸ ਨੂੰ ਸਮਸਤੀਪੁਰ ਅਦਾਲਤ ਵਿਚ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
Comment here