ਲੁਧਿਆਣਾ ‘ਚ ਖੁਦ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਓਐੱਸਡੀ ਦੱਸਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਕਤ ਵਿਅਕਤੀ ਆਪਣੇ ਆਪ ਨੂੰ CM ਮਾਨ ਦਾ ਓਐੱਸਡੀ ਦੱਸ ਕੇ ਸਰਕਾਰੀ ਦਫਤਰਾਂ ‘ਚ ਫੋਨ ਕਰਕੇ ਅਧਿਕਾਰੀਆਂ ਨੂੰ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਕਰਨ ਲਈ ਦਬਾਅ ਬਣਾਉਂਦਾ ਸੀ। ਪੁਲਿਸ ਵੱਲੋਂ ਅੱਜ ਉਸ ਨੂੰ ਕਾਬੂ ਕਰ ਲਿਆ ਗਿਆ।
ਦੋਸ਼ੀ ਖਿਲਾਫ ਸਬ-ਰਜਿਸਟਰਾਰ ਤੇ ਨਾਇਬ ਤਹਿਸੀਲਾਦਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ ਤਾਂ ਕਿ ਹੋਰ ਮਾਮਲਿਆਂ ਦਾ ਵੀ ਖੁਲਾਸਾ ਹੋ ਸਕੇ।
ਅਧਿਕਾਰੀਆਂ ਨੂੰ ਨਿਯਮਾਂ ਤੋਂ ਉਲਟ ਜਾ ਕੇ ਰਜਿਸਟਰੀ ਕਰਨ ਦੇ ਹੁਕਮ ਦੇਣ ਵਾਲੇ ਉਕਤ ਨੌਜਵਾਨ ਨੂੰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਗ੍ਰਿਫਤਾਰ ਕੀਤਾ। ਪੁਲਿਸ ਨੇ ਦੋਸ਼ੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਖਿਲਾਫ ਸਬ-ਰਜਿਸਟਰਾਰ ਡਾ.ਵਿਨੈ ਬਾਂਸਲ ਤੇ ਨਾਇਬ ਤਹਿਸੀਲਾਦਰ ਗੁਰਪ੍ਰੀਤ ਕੌਰ ਦੇ ਬਿਆਨ ‘ਤੇ ਕਾਰਵਾਈ ਕੀਤੀ ਗਈ ਹੈ।