ਅੰਮ੍ਰਿਤਸਰ ਵਿੱਚ ਪਾਕਿਸਤਾਨੀ ਸਰਹੱਦ ‘ਤੇ ਡਰੋਨ ਰਾਹੀਂ ਤਸਕਰੀ ਦੀ ਕੋਸ਼ਿਸ਼ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਸਰਹੱਦ ‘ਤੇ ਤਾਇਨਾਤ ਮੁਸਤੈਦ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕਾਰਵਾਈ ਰਕਦੇ ਹੋਏ ਤਸਕਰੀ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ। ਪੰਜਾਬ ਪੁਲਿਸ ਤੇ ਬੀ.ਐੱਸ.ਐੱਫ. ਨੇ ਸਾਂਝੇ ਆਪ੍ਰੇਸ਼ਨ ਦੇ ਤਹਿਤ ਇਹ ਡਰੋਨ ਬਰਾਮਦ ਕੀਤਾ।
ਘਟਨਾ ਪੁਲਿਸ ਥਾਣਾ ਘਰਿੰਡਾ ਅਧੀਨ ਪੈਂਦੀ ਬੀ.ਐੱਸ.ਐੱਫ. ਦੀ ਸਰਹੱਦ ਪੁਲ ਕੰਜਰੀ ਦੀ ਹੈ। ਬੀ.ਐੱਸ.ਐੱਫ. ਦੇ ਜਵਾਨ ਨੇ ਫਾਇਰਿੰਗ ਕਰਕੇ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਚੀਨੀ ਡਰੋਨ ਨੂੰ ਢੇਰ ਕਰ ਦਿੱਤਾ।
ਬੀ.ਐੱਸ.ਐੱਫ. ਨੇ ਕਿਹਾ ਕਿ ਘਟਨਾ ਵੀਰਵਾਰ ਰਾਤ ਦੀ ਹੈ। ਜਿਵੇਂ ਹੀ ਪਾਕਿਸਤਾਨ ਵੱਲੋਂ ਡਰੋਨ ਭਾਰਤੀ ਹੱਦ ਅੰਦਰ ਦਾਖਲ ਹੋਇਆ ਉਵੇਂ ਹੀ ਬੀ.ਐੱਸ.ਐੱਫ. ਜਵਾਨਾਂ ਨੇ ਉਸ ‘ਤੇ ਫਾਇਰਿੰਗ ਕਰ ਦਿੱਤੀ। ਇਸ ਮਗਰੋਂ ਇਲਾਕੇ ਵਿੱਚ ਤਾਲਸ਼ੀ ਮੁਹਿੰਮ ਚਲਾਈ ਗਈ। ਇਸ ਤਲਾਸ਼ੀ ਮੁਹਿੰਮ ਵਿੱਚ ਚੀਨ ਵਿੱਚ ਬਣਿਆ ਡੀ.ਜੇ.ਆਈ. ਮੈਟ੍ਰਿਸ 300 ਡਰੋਨ ਬਰਾਮਦ ਕੀਤਾ ਗਿਆ ਹੈ।
ਦੱਸ ਦੇਈਏ ਕਿ ਪਹਿਲਾਂ ਵੀ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਤਸਕਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਹਾਲਕਾਂਕਿ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐਫ. ਦੇ ਜਵਾਨ ਪਾਕਿਸਤਾਨ ਦੇ ਮਨਸੂਬਿਆਂ ਨੂੰ ਨਾਕਮ ਕਰਦੇ ਰਹੇ ਹਨ। ਇਸ ਤੋਂ ਪਹਿਲਾਂ 25 ਅਪ੍ਰੈਲ ਨੂੰ ਵੀ ਅੰਮ੍ਰਿਤਸਰ ਵਿੱਚ ਸਰਹੱਦ ‘ਤੇ ਬੀ.ਐੱਸ.ਐੱਫ. ਨੂੰ ਤਲਾਸ਼ੀ ਮੁਹਿੰਮ ਦੌਰਾਨ ਨਸ਼ੀਲੇ ਪਦਾਰਥ ਮਿਲੇ ਸਨ।