ਪਿਛਲੇ ਸਾਲ ਨਵੰਬਰ 2021 ਵਿੱਚ ਹੋਏ ਨਵਾਂਸ਼ਹਿਰ ਬੰਬ ਧਮਾਕੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਦੇ ਤਾਰ ਹਿਮਾਚਲ ਨਾਲ ਜੁੜੇ ਹੋਏ ਹਨ। ਪੁਲਿਸ ਨੇ ਹਿਮਾਚਲ ਦੇ ਪਿੰਡ ਸਿੰਗਾ ਦੇ ਬੇਅਬਾਦ ਖੂਹ ਵਿੱਚੋਂ ਇੱਕ ਟਿਫਿਨ ਬੰਬ ਸਣੇ ਇਸ ਦੇ ਪਾਰਟਸ ਵੀ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਡਾ. ਸੰਦੀਪ ਸ਼ਰਮਾ ਪੀ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਬ ਧਮਾਕੇ ਮਾਮਲੇ ਵਿੱਚ 17 ਅਪ੍ਰੈਲ ਨੂੰ ਗ੍ਰਿਫਤਾਰ ਕੀਤੇ ਗਏ ਤਿੰਨ ਦੋਸ਼ੀਆਂ ਰਮਨਦੀਪ ਸਿੰਘ ਉਰਫ ਜੱਖੂ, ਪਰਦੀਪ ਸਿੰਘ ਉਰਫ ਭੱਟੀ ਤੇ ਮਨੀਸ਼ ਕੁਮਾਰ ਉਰਫ ਬਾਬਾ ਤੋੰ ਪੁੱਛ-ਗਿੱਛ ਦੌਰਾਨ ਦੱਸੇ ਗਏ ਟਿਕਾਣਿਆਂ ‘ਤੇ ਰੇਡ ਕੀਤੀ ਗਈ, ਜਿਸ ਮਗਰੋਂ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਦੋ ਦੋਸ਼ੀਆਂ ਕੁਲਦੀਪ ਕੁਮਾਰ ਸੰਨੀ ਪੁੱਤਰ ਪਵਨ ਕੁਮਾਰ ਵਾਸੀ ਲੁਧਿਆਣਾ, ਜੋਕਿ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਨੇੜਲਾ ਸਾਥੀ ਹੈ, ਨੂੰ ਗ੍ਰਿਫਤਾਰ ਕੀਤਾ। ਕੁਲਦੀਪ ਕੁਮਾਰ ਕੋਲੋਂ 1 ਵਿਦੇਸ਼ੀ ਪਿਸਤੌਲ 9 MM ਤੇ 10 ਰੌਂਦ ਜ਼ਿੰਦਾ ਬਰਾਮਦ ਕੀਤੇ ਗਏ।
ਕੁਲਦੀਪ ਕੁਮਾਰ ਤੋਂ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਰਿੰਦਾ ਦੇ ਕਹਿਣ ‘ਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਚੌਂਕੀ ਕਲਵਾ ਥਾਣਾ ਨੂਰਪੁਰਬੇਦੀ ਵਿਖੇ ਆਪਣੇ ਸਾਥੀਆਂ ਸ਼ੁਭਕਰਨ ਉਰਫ ਸਾਜਨ ਪੁੱਤਰ ਲੇਟ ਵਿਜੇ ਕੁਮਾਰ ਵਾਸੀ ਮਜਾਰੀ, ਥਾਣਾ ਨੰਗਲ, ਰੂਪਨਗਰ, ਰੋਹਿਤ ਉਰਫ ਬੱਲੂ ਪੁੱਤਰ ਰੰਗੀ ਰਾਮ ਵਾਸੀ ਪਿੰਡ ਸਿੰਗਾ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਤੇ ਇਨ੍ਹਾਂ ਦੇ ਸਾਥੀਆਂ ਰਾਹੀਂ ਬੰਬ ਧਮਾਕਾ ਕਰਵਾਇਆ ਸੀ ਤੇ ਹਰਵਿੰਦਰ ਰਿੰਦਾ ਵੱਲੋਂ ਭੇਜੀਆਂ ਵੱਖ-ਵੱਖ ਕਨਸਾਈਨਮੈਂਟਾਂ ਆਪਣੇ ਨੇੜਲੇ ਸਾਥੀ ਜਿਤਵੇਸ਼ ਸੇਠੀ ਪੁੱਤਰ ਇਕਬਾਲ ਸਿੰਘ ਸੇਠੀ ਵਾਸੀ ਦਸਮੇਸ਼ ਨਗਰ, ਬੇਗਮਪੁਰ ਨਵਾਂਸ਼ਹਿਰ ਰਾਹੀਂ ਚੁਕਵਾਈਆਂ ਸਨ।
ਦੋਸ਼ੀ ਕੁਲਦੀਪ ਕੁਮਾਰ ਸੰਨੀ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਰੋਹਿਤ ਉਰਫ ਬੱਲੂ, ਸ਼ੁਭਕਰਨ ਉਰਫ਼ ਸਾਜਨ ਅਤੇ ਜਿਵਤੇਸ਼ ਸੇਠੀ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਕੁਲਦੀਪ ਕੁਮਾਰ ਨੇ ਮੰਨਿਆ ਕਿ ਇੱਕ ਟਿਫਿਨ ਬੰਬ ਦੋਸ਼ੀ ਅਮਨਦੀਪ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਸਿੰਗਾ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਨੂੰ ਦਿੱਤਾ, ਜੋ ਉਸ ਨੂੰ ਹਰਵਿੰਦਰ ਸਿੰਘ ਉਰਫ ਰਿੰਦਾ ਵੱਲੋਂ ਭੇਜਿਆ ਗਿਆ ਸੀ। ਇਸੇ ਦੇ ਆਧਾਰ ‘ਤੇ ਦੋਸ਼ੀ ਅਮਨਦੀਪ ਕੁਮਾਰ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ‘ਤੇ ਅੱਜ ਪਿੰਡ ਸਿੰਗਾ ਦੇ ਬੇਅਬਾਦ ਖੂਹ ਵਿੱਚੋਂ ਇੱਕ ਟਿਫਿਨ ਬੰਬ ਸਣੇ ਇਸ ਦੇ ਪਾਰਟਸ ਤੇ ਇੱਕ LED ਤੇ ਇੱਕ ਪੈੱਨ ਡਰਾਈਵ ਵੀ ਬਰਾਮਦ ਕੀਤੇ ਗਏ।
Comment here