ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਕੁੰਦੁਜ਼ ਸੂਬੇ ਦੇ ਇਮਾਮ ਸਾਹਿਬ ਜ਼ਿਲੇ ‘ਚ ਇਕ ਮਸਜਿਦ ‘ਚ ਹੋਏ ਬੰਬ ਧਮਾਕੇ ‘ਚ 33 ਲੋਕਾਂ ਦੀ ਮੌਤ ਹੋ ਗਈ। 43 ਹੋਰ ਜ਼ਖਮੀ ਹੋਏ ਹਨ। ਸੂਬੇ ਦੇ ਪੁਲਸ ਮੁਖੀ ਹਾਫਿਜ਼ ਉਮਰ ਨੇ ਦੱਸਿਆ ਕਿ ਧਮਾਕਾ ਮਾਵ ਲਾਵੀ ਸਿਕੰਦਰ ਮਸਜਿਦ ‘ਚ ਹੋਇਆ।
ਸੁਰੱਖਿਆ ਸੂਤਰਾਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਧਮਾਕਾ ਦੁਪਹਿਰ ਵੇਲੇ ਹੋਇਆ। ਉਸ ਸਮੇਂ ਵੱਡੀ ਗਿਣਤੀ ‘ਚ ਲੋਕ ਨਮਾਜ਼ ਅਦਾ ਕਰਨ ਲਈ ਉੱਥੇ ਪੁੱਜੇ ਹੋਏ ਸਨ।
ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਅਫਗਾਨਿਸਤਾਨੀ ਮੀਡੀਆ ਵੱਲੋਂ ਇਹ ਖਬਰ ਸਾਹਮਣੇ ਆਈ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਅਫਗਾਨਿਸਤਾਨ ਦੀ ਕਿਸੇ ਮਸਜਿਦ ‘ਤੇ ਬੰਬ ਧਮਾਕਾ ਹੋਇਆ ਹੈ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਅਫਗਾਨਿਸਤਾਨ ਵਿੱਚ ਹੋਏ ਧਮਾਕੇ ਦੀ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਅਫਗਾਨਿਸਤਾਨ ਵਿੱਚ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਸਣੇ ਆਮ ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਦੇ ਵਿਰੁੱਧ ਹਨ।
ਸ਼ੁੱਕਰਵਾਰ ਨੂੰ ਅਫਗਾਨਿਸਤਾਨ ‘ਚ ਲਗਾਤਾਰ ਦੂਜੇ ਦਿਨ ਧਮਾਕੇ ਹੋਏ। ਇਸ ਤੋਂ ਇਕ ਦਿਨ ਪਹਿਲਾਂ ਮਜ਼ਾਰ-ਏ-ਸ਼ਰੀਫ ਸ਼ਹਿਰ ਦੀ ਇਕ ਸ਼ੀਆ ਮਸਜਿਦ ‘ਤੇ ਫਿਦਾਈਨ ਹਮਲਾ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ 20 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 66 ਲੋਕ ਜ਼ਖਮੀ ਹੋ ਗਏ। ਇਹ ਹਮਲਾ ਸ਼ੇਹ ਦੋਕਨ ਇਲਾਕੇ ਦੀ ਮਸਜਿਦ ਵਿੱਚ ਹੋਇਆ। ਮਜ਼ਾਰ-ਏ-ਸ਼ਰੀਫ ਨੂੰ ਅਫਗਾਨਿਸਤਾਨ ਵਿੱਚ ਵਪਾਰ ਲਈ ਵੀ ਇੱਕ ਮਹੱਤਵਪੂਰਨ ਸ਼ਹਿਰ ਮੰਨਿਆ ਜਾਂਦਾ ਹੈ। ਇਹ ਬਾਖ ਸੂਬੇ ਦੀ ਰਾਜਧਾਨੀ ਹੈ।
Comment here