NationNewsPunjab newsWorld

ਹਰਪਾਲ ਚੀਮਾ ਤੇ ਲਾਲਜੀਤ ਭੁੱਲਰ ਨੇ ਦਿੜ੍ਹਬਾ ਦੇ ਮਹਿਲਾ ਚੌਕ ‘ਚ ਹੋਏ ਸੜਕ ਹਾਦਸੇ ‘ਤੇ ਪ੍ਰਗਟਾਇਆ ਦੁੱਖ

ਦਿੜ੍ਹਬਾ ਦੇ ਮਹਿਲਾ ਚੌਕ ‘ਚ ਵਿਚ ਛੁੱਟੀ ਤੋਂ ਬਾਅਦ ਘਰ ਜਾਣ ਲਈ ਨਿਕਲੇ ਚਾਰ ਬੱਚਿਆਂ ਨੂੰ ਪੀਆਰਟੀਸੀ ਦੀ ਬੱਸ ਨੇ ਕੁਚਲ ਦਿੱਤਾ। ਹਾਦਸੇ ਵਿਚ ਇੱਕ ਬੱਚੇ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਜਦੋਂ ਕਿ ਤਿੰਨ ਹੋਰ ਬੱਚਿਆਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ‘ਦਿੜ੍ਹਬਾ ਦੇ ਮਹਿਲਾਂ ਚੌਂਕ ਵਿੱਚ ਬੱਚਿਆਂ ਨਾਲ ਹੋਏ ਸੜਕ ਹਾਦਸੇ ਦੀ ਜਾਣਕਾਰੀ ਸੁਣਕੇ ਬੇਹੱਦ ਦੁੱਖ ਹੋਇਆ। ਪ੍ਰਮਾਤਮਾ ਪੀੜਤ ਪਰਿਵਾਰ ਨੂੰ ਹਿੰਮਤ ਬਖਸ਼ੇ। ਸਰਕਾਰ ਵਲੋਂ ਜਾਨ ਗਵਾਉਣ ਵਾਲੇ ਬੱਚੇ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਜ਼ਖਮੀ ਬੱਚਿਆਂ ਦੇ ਇਲਾਜ ਦਾ ਸਾਰਾ ਖ਼ਰਚ ਸਰਕਾਰ ਚੁੱਕੇਗੀ।’

ਲਾਲਜੀਤ ਸਿੰਘ ਭੁੱਲਰ ਨੇ ਟਵੀਟ ਕੀਤਾ ਕਿ ਸੰਗਰੂਰ ਤੋਂ ਦੁਖਦਾਈ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। PRTC ਦੀ ਬੱਸ ਨੇ 1 ਵਿਦਿਆਰਥੀ ਨੂੰ ਕੁਚਲ ਦਿੱਤਾ, 3 ਜ਼ਖਮੀ ਹਨ। ਪਰਿਵਾਰਾਂ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੇਰੀ ਉਨ੍ਹਾਂ ਨਾਲ ਦਿਲੀ ਹਮਦਰਦੀ ਹੈ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਦੱਸ ਦੇਈਏ ਕਿ ਅੱਠਵੀਂ ਕਲਾਸ ਦੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਘਟਨਾ ਦੁਪਹਿਰ ਦੇ ਸਮੇਂ ਵਾਪਰੀ। ਬੱਚੇ ਸੜਕ ਦੇ ਡਿਵਾਈਡਰ ਕੋਲ ਰਸਤਾ ਕ੍ਰਾਸ ਕਰਨ ਲਈ ਖੜ੍ਹੇ ਸਨ। ਇਸ ਦੌਰਾਨ ਕੈਥਲ ਤੋਂ ਸੰਗਰੂਰ ਪਰਤੀ ਪੀਆਰਟੀਸੀ ਦੀ ਬੱਸ ਨੇ ਆਪਣਾ ਸੰਤੁਲਨ ਗੁਆ ਦਿੱਤਾ ਤੇ ਬੱਚਿਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ।

ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਬੱਸ ਦੀ ਹਾਲਤ ਪਹਿਲਾਂ ਤੋਂ ਹੀ ਖਸਤਾ ਹੈ। ਜਿਸ ਦੀ ਨੰਬਰ ਪਲੇਟ ਤੱਕ ਨਹੀਂ ਪੜ੍ਹੀ ਜਾ ਰਹੀ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਮੌਕੇ ‘ਤੇ ਮੌਜੂਦ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ।

Comment here

Verified by MonsterInsights