ਜੰਮੂ-ਕਸ਼ਮੀਰ ਦੇ ਕੋਕਰਨਾਗ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ਦੌਰਾਨ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਘਟਨਾ ਕੋਕਰਨਾਗ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ।
ਸੁਰੱਖਿਆ ਸੂਤਰਾਂ ਮੁਤਾਬਕ ਸ਼ਨੀਵਾਰ ਨੂੰ ਕੋਕਰਨਾਗ ਵਿੱਚ ਸੁਰੱਖਿਆ ਬਲਾਂ ਨੇ ਪਹਿਲਾਂ ਤੋਂ ਹੀ ਤੈਅ ਯੋਜਨਾ ਨਾਲ ਇੱਕ ਵਿਦੇਸ਼ੀ ਅੱਤਵਾਦੀ ਟੀ.ਆਰ.ਐੱਫ. ਕਮਾਂਡਰ ਨੂੰ ਫਸਾ ਲਿਆ ਸੀ। ਇਸ ਦੌਰਾਨ ਦੋਵੇਂ ਪਾਸਿਓਂ ਫਾਇਰਿੰਗ ਹੋਈ, ਜਿਸ ਵਿੱਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਵਿੱਚ 19ਆਰਆਰ ਦੇ ਫੌਜ ਦੇ ਜਵਾਨ ਨੂੰ ਗੋਲੀ ਲੱਗਣ ਨਾਲ ਗੰਭੀਰ ਸੱਟਾਂ ਆਈਆਂ। ਅਧਿਕਾਰੀ ਨੇ ਕਿਹਾ ਕਿ ਜਵਾਨ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਉਸ ਨੇ ਦਮ ਤੋੜ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕੀਤੀ, ਜਿਸ ਦਾ ਸੁਰੱਖਿਆ ਬਲਾਂ ਨੇ ਢੁਕਵਾਂ ਜਵਾਬ ਦਿੱਤਾ।
ਜੰਮੂ-ਕਸ਼ਮੀਰ ਪੁਲਿਸ ਵੱਲੋਂ ਮਿਲੇ ਇੱਕ ਵਿਸ਼ੇਸ਼ ਇਨਪੁਟ ‘ਤੇ ਪੁਲਿਸ ਤੇ ਫੌਜ ਵੱਲੋਂ ਇਲਾਕੇ ਦੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਇੱਕ ਭਿਆਨਕ ਗੋਲੀਬਾਰੀ ਚੱਲ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਮੁਠਭੇੜ ਜਾਰੀ ਹੈ।
Comment here