ਲੁਧਿਆਣਾ ਤੋਂ ਆਈਏਐੱਸ ਦਾ ਸਫਰ ਸ਼ੁਰੂ ਕਰਨ ਵਾਲੀ IAS ਅਧਿਕਾਰੀ ਸੁਰਭੀ ਮਲਿਕ ਨੂੰ ਲੁਧਿਆਣਾ ਦਾ ਨਵਾਂ ਡੀਸੀ ਬਣਾਇਆ ਗਿਆ ਹੈ। ਅੱਜ ਉੁਨ੍ਹਾਂ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਲੁਧਿਆਣਾ ਨੂੰ ਪਹਿਲੀ ਮਹਿਲਾ ਡੀਸੀ ਮਿਲੀ। ਨਵ-ਨਿਯੁਕਤ ਡੀਸੀ ਸੁਰਭੀ ਮਲਿਕ ਨਗਰ ਨਿਗਮ ਵਿਚ ਬਤੌਰ ਐਡੀਸ਼ਨਲ ਕਮਿਸ਼ਨਰ ਲੰਬੇ ਸਮੇਂ ਤੱਕ ਕੰਮ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਲੁਧਿਆਣਾ ਵਿਚ ਏਡੀਸੀ ਡਿਵੈਲਪਮੈਂਟ ਦੇ ਤੌਰ ‘ਤੇ ਵੀ ਆਪਣੀਆਂ ਸੇਵਾਵਾਂ ਦੇ ਚੁੱਕੀ ਹੈ।
ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ ਤੇ ਦਫਤਰ ਵਿਚ ਸਾਬਕਾ ਡੀਸੀ ਵਰਿੰਦਰ ਸ਼ਰਮਾ ਨੇ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। DC ਸੁਰਭੀ ਮਲਿਕ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਲਈ ਹੈ ਤੇ ਇਸ ਨੂੰ ਆਸਾਨ ਬਣਾਇਆ ਜਾਵੇਗਾ।ਲੁਧਿਆਣਾ ਉਨ੍ਹਾਂ ਲਈ ਨਵਾਂ ਨਹੀਂ ਹੈ ਤੇ ਇਥੋਂ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਉਸ ਤੋਂ ਬਾਅਦ ਲੁਧਿਆਣਾ ਗ੍ਰਾਮੀਣ ਖੇਤਰ ਵਿਚ ਕਈ ਯੋਜਨਾਵਾਂ ‘ਤੇ ਕੰਮ ਕਰ ਚੁੱਕੀ ਹੈ। ਸ਼ਹਿਰ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਿਉਂਕਿ ਨਗਰ ਨਿਗਮ ਵਿਚ ਕੰਮ ਕਰ ਚੁੱਕੀ ਹੈ। ਲੁਧਿਆਣਾ ਦੀ ਪਹਿਲੀ ਮਹਿਲਾ ਡੀਸੀ ਹੋਣ ‘ਤੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਉਹ ਵਿਸ਼ਵਾਸ ਦਿਵਾਉਂਦੀ ਹੈ ਕਿ ਲੁਧਿਆਣਾ ਨੂੰ ਬੇਹਤਰੀਨ ਜ਼ਿਲ੍ਹਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਮੇਰੇ ਤੋਂ ਪਹਿਲਾਂ ਵਰਿੰਦਰ ਸ਼ਰਮਾ ਡੀਸੀ ਸਨ ਤੇ ਉਨ੍ਹਾਂ ਦੀ ਲੋਕਾਂ ਵਿਚ ਚੰਗੀ ਇਮੇਜ ਹੈ ਤੇ ਉਹ ਫੀਲਡ ਵਿਚ ਕੰਮ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਤਰ੍ਹਾਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੀ।