ਪਾਕਿਸਤਾਨ ਦੀ ਹਕੂਮਤ ਵਿੱਚ ਚਾਹੇ ਬਵਾਲ ਚੱਲ ਰਿਹਾ ਪਰ ਭਾਰਤ ਨੇ ਇਸ ਦੌਰਾਨ ਵੀ ਦੋਸਤੀ ਦਾ ਸੰਦੇਸ਼ ਦਿੱਤਾ। ਸ਼ਨੀਵਾਰ ਸਵੇਰੇ ਭਾਰਤ ਦੀ ਸਰਹੱਦ ਵਿੱਚ ਦਾਖਲ ਹੋਇਆ 45 ਸਾਲਾਂ ਪਾਕਿਸਤਾਨੀ ਬੰਦੇ ਨੂੰ ਸਰਹੱਦੀ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਜਾਂਚ-ਪੜਤਾਲ ਤੋਂ ਬਾਅਦ ਪਾਕਿਸਤਾਨ ਰੇਂਜਰਸ ਦੇ ਹਵਾਲੇ ਕਰ ਦਿੱਤਾ।
ਘਟਨਾ ਅੰਮ੍ਰਿਤਸਰ ਦੇ ਰਾਮਦਾਸ ਦੀ ਭਾਰਤ-ਪਾਕਿ ਸਰਹੱਦ ਦੀ ਹੈ। ਦਰਅਸਲ ਮਾਨਸਿਕ ਸੰਤੁਲਨ ਠੀਕ ਨਾ ਹੋਣ ਕਰਕੇ ਉਹ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ ਸੀ।
ਸਵੇਰੇ BSF ਦੀ ਬਟਾਲੀਅਨ 73 BOP ਕੋਟ ਰਾਜਦਾ ਵਿੱਚ ਗਸ਼ਤ ‘ਤੇ ਸੀ। BSF ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਕੁਝ ਹਲਚਲ ਵੇਖੀ। ਇੱਕ ਨੌਜਵਾਨ ਭਾਰਤੀ ਸਰਹੱਦ ਵਿੱਚ ਦਾਖਲ ਹੋ ਰਿਹਾ ਸੀ। BSF ਦੇ ਜਵਾਨਾਂ ਨੇ ਨੌਜਵਾਨ ਨੂੰ ਤੁਰੰਤ ਫੜ ਲਿਆ ਤੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। ਨੌਜਵਾਨ ਦੀ ਪਛਾਣ ਪਾਕਿਸਤਾਨ ਨਿਵਾਸੀ ਮੁਸਤਾਨ ਉਰਫ਼ ਬਾਬਾ (45) ਵਜੋਂ ਹੋਈ। ਪੁੱਛ-ਗਿੱਛ ਵਿੱਚ ਪਤਾ ਲੱਗਾ ਕਿ ਉਹ ਮਾਨਸਿਕ ਤੌਰ ‘ਤੇ ਠੀਕ ਨਹੀਂ ਸੀ।
ਮਾਨਸਿਕ ਸੰਤੁਲਨ ਠੀਕ ਨਾ ਹੋਣ ਦੀ ਸਥਿਤੀ ਵਿੱਚ BSF ਨੇ ਉਸ ਨੂੰ ਵਾਪਿਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਸ਼ਨੀਵਾਰ ਰਾਤ ਨੂੰ ਹੀ ਕਾਗਜ਼ੀ ਕੰਮ ਪੂਰਾ ਹੋਣ ਤੋਂ ਬਾਅਦ BSF ਦੇ ਜਵਾਨਾਂ ਨੇ ਮੁਸਤਾਨ ਨੂੰ ਵਾਪਿਸ ਪਾਕਿਸਤਾਨ ਰੇਂਜਰਸ ਦੇ ਹਵਾਲੇ ਕਰ ਦਿੱਤਾ।
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ। ਹੁਣ ਤੱਕ ਪੰਜਾਬ ਦੀ ਸਰਹੱਦ ਵਿੱਚ ਦਾਖਲ ਹੋਏ 11 ਪਾਕਿਸਤਾਨੀ ਨਾਗਰਿਕਾਂ ਨੂੰ BSF ਵਾਪਿਸ ਭੇਜ ਚੁੱਕਾ ਹੈ। 45 ਸਾਲਾਂ ਦਾ ਮੁਸਤਾਨ 12ਵਾਂ ਪਾਕਿਸਤਾਨੀ ਨਾਗਰਿਕ ਹੈ, ਜਿਸ ਨੂੰ BSF ਦੇ ਜਵਾਨਾਂ ਨੇ ਪਾਕਿ ਰੇਂਜਰਸ ਦੇ ਹਵਾਲੇ ਕੀਤਾ ਹੈ।