ਪੰਜਾਬ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਦ ਖੰਨਾ ਮੰਡੀ ਵਿੱਚ ਪਹੁੰਚ ਕੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤਾਂਜੋ ਕਿਸਾਨਾਂ ਨੂੰ ਜਾਂ ਲੇਬਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਉਸ ਨੂੰ ਲੈ ਕੇ ਉਨ੍ਹਾਂ ਅਧਿਕਾਰੀਆਂ ਨੂੰ ਵੀ ਸਖਤ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਫਸਲ ਦੀ ਅਦਾਇਗੀ 24 ਤੋਂ 48 ਘੰਟਿਆਂ ਵਿੱਚ ਕਰ ਦਿੱਤੀ ਜਾਵੇਗੀ, ਜੋਕਿ ਕਿਸਾਨਾਂ ਨੂੰ ਕੀਤੀ ਵੀ ਜਾ ਰਹੀ ਹੈ।
ਮੰਡੀਆਂ ਦਾ ਜਾਇਜ਼ਾ ਲੈਣ ਮਗਰੋਂ ਸੀ. ਐੱਮ. ਮਾਨ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਖਤ ਹੁਕਮ ਦਿੱਤੇ ਗਏ ਹਨ। ਮੈਂ ਆਪ ਮੰਡੀਆਂ ‘ਤੇ ਨਜ਼ਰ ਰਖ ਰਿਹਾ ਹਾਂ। ਫ਼ਸਲ ਦੀ ਪੇਮੈਂਟ 24 ਤੋਂ 48 ਘੰਟਿਆਂ ਵਿੱਚ ਹੋ ਜਾਵੇਗੀ। ਹੁਣ ਪੰਜਾਬ ਵਿੱਚ ਇਮਾਨਦਾਰ ਸਰਕਾਰ ਹੈ, ਕਿਸਾਨਾਂ ਦੀ ਆਪਣੀ ਸਰਕਾਰ ਹੈ, ਕਿਸਾਨਾਂ ਨੂੰ ਹਰ ਹੱਕ ਮਿਲੇਗਾ।
ਦੱਸ ਦੇਈਏ ਕਿ ਅੱਜ ਖੰਨਾ ਮੰਡੀ ਪਹੁੰਚਣ ਦੌਰਾਨ ਸੀ.ਐੱਮ. ਮਾਨ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਪ੍ਰਾਈਵੇਟ ਆੜ੍ਹਤੀਏ ਐੱਮਐੱਸ.ਪੀ. ਤੋਂ 5 ਰੁਪਏ ਉੱਪਰ ਕਣਕ ਖਰੀਦ ਰਹੇ ਹਨ ਕਿਉਂਕਿ ਯੂਕਰੇਨ ਜੰਗ ਕਰਕੇ ਉਥੇ ਅਨਾਜ ਦੀ ਕਮੀ ਹੋ ਗਈ। ਜੇ ਕੋਈ ਅਜਿਹਾ ਕਰਦਾ ਹੈ ਤਾਂ ਅਸੀਂ ਉਸ ਦੀ ਸ਼ਲਾਘਾ ਕਰਾਂਗੇ, ਉਸ ਨੂੰ ਐਵਾਰਡ ਵੀ ਦੇਵਾਂਗੇ। ਐੱਮ.ਐੱਸ.ਪੀ. ਤੋਂ ਉਪਰ ਕੋਈ ਵੀ ਕਣਕ ਖਰੀਦ ਸਕਦਾ ਹੈ। ਮੰਡੀ ਦਾ ਟੈਕਸ ਮੰਡੀ ਬੋਰਡ ਕੋਲ ਜਾ ਰਿਹਾ ਹੈ। ਸਾਨੂੰ ਟੈਕਸ ਦੇ ਕੇ ਸਾਡੀ ਅਧਿਕਾਰਤ ਮੰਡੀ ਤੋਂ ਫਸਲ ਖਰੀਦਣ ਤਾਂ ਕਿਸਾਨ ਆਪੇ ਖੁਸ਼ ਹੋ ਜਾਏਗਾ।ਉਨ੍ਹਾਂ ਕਿਹਾ ਕਿ ਉਂਝ ਤਾਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਜਾਇਜ਼ਾ ਲੈ ਲਿਆ ਗਿਆ ਸੀ ਪਰ ਮੈਂ ਅੱਜ ਖੁਦ ਇਥੇ ਮੰਡੀਆਂ ਦੇ ਪ੍ਰਬੰਧ ਵੇਖਣ ਆਇਆ ਹਾਂ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਪੀਣ ਵਾਲੇ ਪਾਣੀ, ਬਾਥਰੂਮ, ਲੇਬਰ ਨੂੰ ਬੈਠਣ ਵਾਲੀ ਜਗ੍ਹਾ ਆਦਿ ਦੀ ਕੋਈ ਮੁਸ਼ਕਲ ਨਾ ਆਏ।
Comment here