ਕੇਂਦਰੀ ਸਿਹਤ ਮੰਤਰਾਲਾ ਨੇ ਦਿੱਲੀ, ਹਰਿਆਣਾ, ਕੇਰਲ, ਮਹਾਰਾਸ਼ਟਰ ਤੇ ਮਿਜ਼ੋਰਮ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਬਾਅਦ ਸਾਵਧਾਨ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਸਕੱਤਰ ਰਾਜੇਸ਼ ਭੂਸ਼ਣ ਨੇ ਰਾਜਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਪਿਛਲੇ ਹਫਤੇ ਵਧੇ ਕੋਰੋਨਾ ਕੇਸ ਚਿੰਤਾ ਵਾਲੀ ਗੱਲ ਹੈ, ਲੋੜ ਪੈਣ ‘ਤੇ ਜ਼ਰੂਰੀ ਕਾਰਵਾਈ ਕਰੋ।
ਕੇਂਦਰੀ ਮੰਤਰਾਲਾ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਦਿੱਲੀ, ਹਰਿਆਣਾ, ਕੇਰਲ, ਮਹਾਰਾਸ਼ਟਰ ਤੇ ਮਿਜ਼ੋਰਮ ਦੀਆਂ ਰਾਜ ਸਰਕਾਰਾਂ ਨੂੰ ਪਿਛਲੇ ਹਫਤੇ ਕੋਵਿਡ-19 ਮਾਮਲਿਆਂ ਵਿੱਚ ਵਾਧੇ ‘ਤੇ ਚਿੱਠੀ ਲਿਖੀ ਤੇ ਸਖਤ ਨਿਗਰਾਨੀ ਰਖਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਕਿਹਾ ਕਿ ਜੇ ਲੋੜ ਪਏ ਤਾਂ ਕਾਰਵਾਈ ਕਰਨ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1,109 ਨਵੇਂ ਕੇਸ ਸਾਹਮਣੇ ਆਏ, ਜਿਸ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 4,30,33,067 ਹੋ ਗਈ ਹੈ, ਜਦਕਿ ਦੇਸ਼ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 11,492 ਰਹਿ ਗਈ ਹੈ।
ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਨੂੰ 43 ਹੋਰ ਕੋਰੋਨਾ ਮਰੀਜ਼ਾਂ ਦੀ ਜਾਨ ਗਈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਕੁਲ 5,21,573 ਪਹੁੰਚ ਗਈ ਹੈ। ਦੇਸ਼ ਵਿੱਚ ਸੰਕ੍ਰਮਿਤ ਦਰ 0.03 ਫੀਸਦੀ ਤੱਕ ਡਿਗ ਗਈ ਹੈ, ਜਦਕਿ ਰਿਕਵਰੀ ਰੇਟ 98.76 ਫੀਸਦੀ ਹੋ ਗਿਆ ਹੈ।