ਪੰਜਾਬ ਚੋਣਾਂ ਵਿੱਚ ਮਿਲੀ ਹੂੰਝਾਫੇਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਲਈ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਨੇ ਆਪਣਾ ਧਿਆਨ ਚੋਣਾਵੀ ਰਾਜ ਵੱਲ ਮੋੜ ਲਿਆ ਹੈ। ਇਸ ਵਿਚਾਲੇ ‘ਆਪ’ ਨੇ ਆਪਣੇ ਚੋਣ ਪ੍ਰਚਾਰ ਲਈ ਮੌਜੂਦਾ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਗ੍ਰਹਿ ਹਲਕੇ ਮੰਡੀ ਨੂੰ ਚੁਣਿਆ ਹੈ, ਜਿੱਥੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰੋਡ ਸ਼ੋਅ ਕਰ ਰਹੇ ਹਨ।
ਇਸ ਮੌਕੇ ਜਨ ਸਭਾ ਨੂੰ ਸੰਬੋਧਨ ਕਰਦਿਆਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੂੰ 20 ਦਿਨ ਹੀ ਹੋਏ ਹਨ ਪੰਜਾਬ ਦਾ ਮੁੱਖ ਮੰਤਰੀ ਬਣੇ ਹੋਏ। ਉਨ੍ਹਾਂ ਨੇ 20 ਦਿਨਾਂ ਵਿਚ ਹੀ ਪੰਜਾਬ ਤੋਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਤਾਂ ਇਨ੍ਹਾਂ ਨੇ 75 ਸਾਲਾਂ ਵਿਚ ਕਿਉਂ ਨਹੀਂ ਕੀਤਾ? ਕਿਉਂਕਿ ਸਾਡੀ ਨੀਅਤ ਸਾਫ ਹੈ। ਅਸੀਂ ਈਮਾਨਦਾਰ ਹਾਂ। ਪਹਿਲਾਂ ਦਿੱਲੀ ਵਿਚ ਭ੍ਰਿਸ਼ਟਾਚਾਰ ਖਤਮ ਕੀਤਾ ਫਿਰ ਪੰਜਾਬ ਵਿਚ। ਹੁਣ ਇਥੇ ਖਤਮ ਕਰਨਾ ਹੈ ਕਿ ਨਹੀਂ ਕਰਨਾ।’
ਇਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਇੱਕ ਮੌਕਾ ਜ਼ਰੂਰ ਦਿਓ। ਪਹਿਲਾਂ ਅਸੀਂ ਦਿੱਲੀ ਵਿਚ ਤੇ ਫਿਰ ਪੰਜਾਬ ਵਿਚ ਭ੍ਰਿਸ਼ਟਾਚਾਰ ਖਤਮ ਕੀਤਾ, ਹੁਣ ਹਿਮਾਚਲ ਪ੍ਰਦੇਸ਼ ਵਿਚ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਉਖਾੜ ਸੁੱਟਣ ਦਾ ਸਮਾਂ ਆ ਗਿਆ ਹੈ।ਮੰਡੀ ਜ਼ਿਲ੍ਹੇ ਵਿਚ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਇਸ ਰੋਡ ਸ਼ੋਅ ਵਿਚ ਸੈਂਕੜੇ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸੇ ਸਾਲ ਨਵੰਬਰ ਮਹੀਨੇ ਵਿਚ ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਹੁਣ ਤੋਂ ਆਮ ਆਦਮੀ ਪਾਰਟੀ ਚੋਣ ਤਿਆਰੀਆਂ ਵਿਚ ਲੱਗ ਗਈ ਹੈ।
Comment here