Site icon SMZ NEWS

ਸਿੱਖਿਆ ਮੰਤਰੀ ਦਾ ਐਲਾਨ, ਸੂਬੇ ਵਿੱਚ ਅਧਿਆਪਕਾਂ ਦੀ ਆਨਲਾਈਨ ਤਬਾਦਲਾ ਨੀਤੀ ਰਹੇਗੀ ਜਾਰੀ

ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ’ਚ ਵਿੱਦਿਅਕ ਗੁਣਵੱਤਾ ਨੂੰ ਹੋਰ ਵਧਾ ਕੇ, ਉੱਚ ਮਿਆਰੀ ਸਿਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਅੱਜ ਨਵਾਂਸ਼ਹਿਰ ਦੇ ਪਿੰਡ ਸਲੋਹ ਵਿਖੇ ਸਰਕਾਰੀ ਹਾਈ ਸਮਾਰਟ ਸਕੂਲ ਅਤੇ ਪ੍ਰਾਇਮਰੀ ਸਮਾਰਟ ਸਕੂਲ ਦਾ ਨਿਰੀਖਣ ਕਰਦੇ ਹੋਏ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਿੱਖਿਆ, ਪੰਜਾਬ ਸਰਕਾਰ ਦਾ ਸਭ ਤੋਂ ਵੱਧ ਤਰਜੀਹੀ ਖੇਤਰ ਹੈ ਅਤੇ ਇਸ ਨੇ ਪਹਿਲਾਂ ਹੀ ਬੁਨਿਆਦੀ ਢਾਂਚੇ, ਅਧਿਆਪਕਾਂ ਦੀ ਭਰਤੀ ਵਾਲੇ ਪਾਸੇ ਕਦਮ ਵਧਾ ਕੇ, ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ, ਪੰਜਾਬ ਦੇ ਸਰਕਾਰੀ ਸਕੂਲਾਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦਾ ਪੱਧਰ ਨਿੱਜੀ ਸਿੱਖਿਆ ਸੰਸਥਾਵਾਂ ਦੇ ਬਰਾਬਰ ਉੱਚਾ ਕੀਤਾ ਜਾਵੇਗਾ।

ਸਿਖਿਆ ਮੰਤਰੀ ਨੇ ਅਧਿਆਪਕਾਂ ਨੂੰ ਦੇਸ਼ ਦਾ ਨਿਰਮਾਤਾ ਦੱਸਦਿਆਂ ਉਨ੍ਹਾਂ ਨੂੰ ਸਰਕਾਰ ਦੀ ਇਸ ਸਕੂਲ ਅਤੇ ਸਿਖਿਆ ਸੁਧਾਰ ਮੁਹਿੰਮ ਨੂੰ ਤਹਿ ਦਿਲੋਂ ਸਹਿਯੋਗ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਸ੍ਰੀ ਹੇਅਰ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹੇਗੀ ਅਤੇ ਨਵੇਂ ਦਿਸਹੱਦੇ ਕਾਇਮ ਕਰੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਵਿਭਾਗ ਅਧਿਆਪਕਾਂ ਲਈ ਆਨਲਾਈਨ ਤਬਾਦਲਾ ਨੀਤੀ ਜਾਰੀ ਰੱਖੇਗਾ ਅਤੇ ਸੂਬੇ ਵਿੱਚ ਖਾਲੀ ਅਸਾਮੀਆਂ ਨੂੰ ਭਰ ਕੇ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਜਲਦੀ ਹੀ ਨਵੇਂ ਅਧਿਆਪਕਾਂ ਦੀ ਵੱਡੇ ਪੱਧਰ ’ਤੇ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਸਿਖਿਆ ਮੰਤਰੀ ਨੇ ਸਕੂਲ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਸਕਾਰਾਤਮਕਤਾ ਅਤੇ ਸਖ਼ਤ ਮਿਹਨਤ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਲਈ ਕਿਹਾ, ਕਿਉਂ ਜੋ ਇਹ ਸਫਲਤਾ ਪ੍ਰਾਪਤ ਕਰਨ ਦੀਆਂ ਕੁੰਜੀਆਂ ਹਨ। ਸ੍ਰੀ ਹੇਅਰ ਨੇ ਮਿਡ-ਡੇ-ਮੀਲ ਦੀ ਗੁਣਵੱਤਾ ਵੀ ਖਾਣੇ ਦਾ ਸੁਆਦ ਚੱਖ ਕੇ ਜਾਂਚੀ। ਉਨ੍ਹਾਂ ਸਮਾਰਟ ਕਲਾਸ ਰੂਮਾਂ ਦਾ ਵੀ ਜਾਇਜ਼ਾ ਲਿਆ ਜਿੱਥੇ ਵਿਦਿਆਰਥੀ ਪ੍ਰੋਜੈਕਟਰਾਂ ਰਾਹੀਂ ਪੜ੍ਹਾਈ ਕਰ ਰਹੇ ਸਨ। ਬਾਅਦ ਵਿੱਚ ਸਿਖਿਆ ਮੰਤਰੀ ਨੇ ਦੋਵਾਂ ਸਕੂਲਾਂ ਦੇ ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਨਾਲ ਵੀ ਮੀਟਿੰਗ ਕੀਤੀ ਅਤੇ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਹੋਰ ਸੁਧਾਰ ਕਰਨ ਲਈ ਉਨ੍ਹਾਂ ਦੇ ਸੁਝਾਅ ਅਤੇ ਫੀਡਬੈਕ ਮੰਗੀ।

Exit mobile version