ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਆਰ. ਟੀ. ਏ. (ਰਿਜ਼ਨਲ ਟਰਾਂਸਪੋਰਟ ਅਥਾਰਿਟੀਜ਼) ਦੇ ਸਮੂਹ ਸਕੱਤਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਭੁੱਲਰ ਨੇ ਸੂਬੇ ਵਿਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਬੱਸਾਂ ਨੂੰ ਰੋਕਣ ਲਈ ਚੈਕਿੰਗ ਮੁਹਿੰਮ ਸ਼ੁਰੂ ਕਰ ਦੀ ਹਦਾਇਤ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਡਿਫਾਲਟਰ ਤੇ ਗੈਰ-ਕਾਨੂੰਨੀ ਤਰੀਕੇ ਨਾਲ ਚੱਲਣ ਵਾਲੀਆਂ ਬੱਸਾਂ ਖਿਲਾਫ ਨਿਯਮਾਂ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇ। ਭੁੱਲਰ ਨੇ ਕਿਹਾ ਕਿ ਪੰਜਾਬ ਰੋਡਵੇਜ਼ ਦੇ ਅਧਿਕਾਰੀ ਇਹ ਵੀ ਯਕੀਨੀ ਬਣਾਉਣਗੇ ਕਿ ਬੱਸ ਅੱਡੇ ਤੋਂ ਕੋਈ ਵੀ ਨਾਜਾਇਜ਼ ਬੱਸ ਨਹੀਂ ਚੱਲੇਗੀ। ਜੇ ਕੋਈ ਅਜਿਹੀ ਬੱਸ ਚਲਦੀ ਪਾਈ ਜਾਂਦੀ ਹੈ ਤਾਂ ਉਸ ਬਾਰੇ ਤੁਰੰਤ ਸਬੰਧਤ ਆਰ.ਟੀ.ਏ. ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਸ ਖਿਲਾਫ ਕਾਰਵਾਈ ਕੀਤੀ ਜਾ ਸਕੇ।
ਟਾਈਮ ਟੇਬਲ ਵਿੱਚ ਸਭ ਨੂੰ ਢੁਕਵਾਂ ਸਮਾਂ ਦੇਣ ਦੀ ਗੱਲ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਭਾਵੇਂ ਕੋਈ ਵੱਡਾ ਬੱਸ ਆਪ੍ਰੇਟਰ ਹੈ ਜਾਂ ਛੋਟਾ, ਸਾਰਿਆਂ ਨੂੰ ਟਾਈਮ ਟੇਬਲ ਵਿੱਚ ਢੁਕਵਾਂ ਸਮਾਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਟਾਈਮ ਟੇਬਲ ਲਾਗੂ ਕਰਨ ਸਮੇਂ ਕਿਸੇ ਵੀ ਕਿਸਮ ਦਾ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਭੁੱਲਰ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਦਿੱਤੀ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਈਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਅਧਿਕਾਰੀ ਆਪਸ ਵਿਚ ਤਾਲਮੇਲ ਰੱਖਣ ਅਤੇ ਦਫਤਰੀ ਸਮੇਂ ਦੌਰਾਨ ਦਫਤਰ ਵਿਚ ਹੀ ਹਾਜ਼ਰ ਰਹਿਣ ਤਾਂ ਜੋ ਉਹ ਸਮੇਂ ਸਿਰ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਨਿਪਟਾਰਾ ਕਰ ਸਕਣ।