ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਵੀਰਵਾਰ ਨੂੰ ਰਾਜਿੰਦਰ ਨਗਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਰਾਘਵ ਚੱਢਾ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸ ਦੌਰਾਨ ਸਦਨ ਵਿੱਚ ਹਾਸਾ-ਮਜ਼ਾਕ ਵੀ ਹੋਇਆ । ਅਸਤੀਫਾ ਸੌਂਪਣ ਦੇ ਮੌਕੇ ਰਾਘਵ ਚੱਢਾ ਨੇ ਸਦਨ ਵਿੱਚ ਆਪਣੇ ਆਖਰੀ ਬਿਆਨ ਵਿੱਚ ਸਪੀਕਰ ਸਮੇਤ ਸਾਰੇ ਵਿਧਾਇਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਥੋੜ੍ਹਾ ਭਾਵੁਕ ਹੋ ਕੇ ਕਿਹਾ ਕਿ ਸਦਨ ਜ਼ਰੂਰ ਬਦਲੇਗਾ ਪਰ ਲੋਕ ਸੇਵਾ ਦਾ ਕੰਮ ਅੱਗੇ ਵੀ ਜਾਰੀ ਰਹੇਗਾ।

ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਰਾਘਵ ਚੱਢਾ ਨੂੰ ਵਧਾਈ ਦਿੱਤੀ । ਸਦਨ ਵਿੱਚ ਮੌਜੂਦ ਸੱਤਾਧਾਰੀ ਪਾਰਟੀ ਦੇ ਵਿਧਾਇਕ ਪ੍ਰਹਿਲਾਦ ਸਿੰਘ ਸਾਹਨੀ ਨੇ ਸਦਨ ਦੇ ਮਾਹੌਲ ਨੂੰ ਹਲਕਾ ਕਰਦਿਆਂ ਕਿਹਾ ਕਿ ਆਪਣੇ ਵਿਆਹ ਵਿੱਚ ਜ਼ਰੂਰ ਬੁਲਾਇਓ।
ਦੱਸ ਦੇਈਏ ਕਿ ਰਾਘਵ ਚੱਢਾ ਨੇ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦਗੀ ਭਰੀ ਹੈ। ਰਾਘਵ ਚੱਢਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿੱਚ ‘ਆਪ’ ਦੀ ਕਮਾਨ ਸੰਭਾਲੀ ਸੀ, ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਵਿੱਚ ਭੇਜਣ ਦਾ ਫੈਸਲਾ ਕੀਤਾ ਸੀ। ਜ਼ਿਕਰਯੋਗ ਹੈ ਕਿ ਰਾਘਵ ਚੱਢਾ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਵੀ ਰਹਿ ਚੁੱਕੇ ਹਨ। ਮੰਗਲਵਾਰ ਨੂੰ ਦਿੱਲੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਕਿ ਇਹ ਜ਼ਿੰਮੇਵਾਰੀ ਸੌਰਭ ਭਾਰਦਵਾਜ ਨੂੰ ਦਿੱਤੀ ਗਈ ਹੈ। ਸੌਰਭ ਭਾਰਦਵਾਜ ਦਿੱਲੀ ਦੇ ਗ੍ਰੇਟਰ ਕੈਲਾਸ਼ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ।
Comment here