ਬੀਰਭੂਮ ਹਿੰਸਾ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਰਾਮਪੁਰਹਾਟ ਦਾ ਦੌਰਾ ਕਰੇਗੀ। ਇਸ ਮਾਮਲੇ ‘ਤੇ ਸਿਆਸਤ ਤੇਜ਼ ਹੋ ਗਈ ਹੈ। ਜਾਣਕਾਰੀ ਮੁਤਾਬਕ ਸੀਐਮ ਮਮਤਾ ਬੈਨਰਜੀ ਬੀਰਭੂਮ ਹਿੰਸਾ ਦੇ ਪੀੜਤਾਂ ਨਾਲ ਮੁਲਾਕਾਤ ਕਰੇਗੀ। ਇਸ ਦੇ ਨਾਲ ਹੀ ਬੰਗਾਲ ਦੀ ਮਮਤਾ ਸਰਕਾਰ ਇਸ ਮਾਮਲੇ ਵਿੱਚ ਹਾਈ ਕੋਰਟ ਨੂੰ ਸਟੇਟਸ ਰਿਪੋਰਟ ਦੇਵੇਗੀ।
ਬੀਰਭੂਮ ਹਿੰਸਾ ਮਾਮਲੇ ‘ਚ ਹਾਈਕੋਰਟ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਮੌਕੇ ‘ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਸਬੂਤਾਂ ਨਾਲ ਛੇੜਛਾੜ ਨਾ ਕੀਤੀ ਜਾਵੇ, ਨਾਲ ਹੀ ਜਾਂਚ ਰਿਪੋਰਟ ਵੀ ਮੰਗੀ ਹੈ। ਵਿਰੋਧੀ ਧਿਰ ਦੀ ਗੱਲ ਕਰਦਿਆਂ ਭਾਜਪਾ ਦਾ ਵਫ਼ਦ ਕੱਲ੍ਹ ਬੀਰਭੂਮ ਪਹੁੰਚਿਆ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਘਟਨਾ ਦੀ ਐਸਆਈਟੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਬੀਰਭੂਮ ਜਾਵੇਗੀ ਅਤੇ ਹਿੰਸਾ ਪੀੜਤਾਂ ਨਾਲ ਮੁਲਾਕਾਤ ਕਰੇਗੀ।
ਦੱਸ ਦੇਈਏ ਕਿ ਬੰਗਾਲ ਦੇ ਬੀਰਭੂਮ ਜ਼ਿਲੇ ਦੇ ਰਾਮਪੁਰਹਾਟ ਇਲਾਕੇ ‘ਚ ਟੀਐੱਮਸੀ ਨੇਤਾ ਭਾਦੂ ਸ਼ੇਖ ਦੀ ਹੱਤਿਆ ਤੋਂ ਬਾਅਦ ਹੋਈ ਹਿੰਸਾ ‘ਚ 8 ਲੋਕਾਂ ਨੂੰ ਜ਼ਿੰਦਾ ਸਾੜਨ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਤੇਜ਼ ਹੋ ਗਈ ਹੈ। ਭਾਜਪਾ ਨੇ ਘਟਨਾ ਦੀ ਜਾਂਚ ਲਈ ਇਕ ਕਮੇਟੀ ਬਣਾਈ ਹੈ, ਜੋ ਘਟਨਾ ਦੀ ਜਾਂਚ ਕਰਕੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੂੰ ਰਿਪੋਰਟ ਸੌਂਪੇਗੀ। ਰਿਪੋਰਟ ਦੇ ਆਧਾਰ ‘ਤੇ ਭਾਜਪਾ ਬੰਗਾਲ ‘ਚ ਰਾਸ਼ਟਰਪਤੀ ਸ਼ਾਸਨ ਦੀ ਮੰਗ ਕਰੇਗੀ।