ਪੰਜਾਬ ਦੀ ਲੋਕ ਵਿਰਾਸਤ ਨੂੰ ਸੰਭਾਲਣ ਵਾਲੀ ਸੁਰਾਂ ਦੀ ਮੱਲਿਕਾ ਗੁਰਮੀਤ ਬਾਵਾ ਨੂੰ ਮਰਨ ਤੋਂ ਬਾਅਦ ਪਦਮ ਭੂਸ਼ਣ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਦੀ ਬੇਟੀ ਗਲੋਰੀ ਬਾਵਾ ਨੂੰ ਪਦਮ ਭੂਸ਼ਣ ਐਵਾਰਡ ਸੌਂਪਿਆ। ਲੰਬੀ ਹੇਕ ਦੀ ਮੱਲਿਕਾ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਨੇ 77 ਸਾਲ ਪੰਜਾਬ ਦੀ ਵਿਰਾਸਤ ਦੇ ਨਾਂ ਕਰਦੇ ਹੋਏ 21 ਨਵੰਬਰ 2021 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।
ਪੰਜਾਬੀ ਸੱਭਿਅਤਾ ਤੇ ਪੰਜਾਬੀ ਲੋਕ ਗਾਇਕੀ ਨੂੰ ਜੀਵੰਤ ਰੱਖਣ ਵਾਲੀ ਗੁਰਮੀਤ ਬਾਵਾ ਨੇ ਕਈ ਪੰਜਾਬੀ ਗੀਤਾਂ ਵਿਚ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਦਾ ਜਨਮ 1944 ਵਿਚ ਪਿੰਡ ਕੋਠੇ ਗੁਰਦਾਸਪੁਰ ਵਿਚ ਹੋਇਆ ਸੀ। ਉਸ ਸਮੇਂ ਪੰਜਾਬ ਵਿਚ ਲੜਕੀਆਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ ਸੀ ਪਰ ਗੁਰਮੀਤ ਨੇ ਵਿਆਹ ਤੋਂ ਬਾਅਦ ਪੜ੍ਹਾਈ ਪੂਰੀ ਕੀਤੀ।
ਗੁਰਮੀਤ ਦਾ ਵਿਆਹ ਕ੍ਰਿਪਾਲ ਬਾਵਾ ਨਾਲ ਹੋਇਆ। ਕ੍ਰਿਪਾਲ ਨੇ ਹੀ ਗੁਰਮੀਤ ਨੂੰ ਜੇਬੀਟੀ ਕਰਵਾਈ। ਗੁਰਮੀਤ ਬਹੁਤ ਸੁਰੀਲੀ ਆਵਾਜ਼ ਦੀ ਮੱਲਿਕਾ ਸੀ। ਵਿਆਹ ਤੋਂ ਬਾਅਦ ਪਤੀ ਕ੍ਰਿਪਾਲ ਬਾਵਾ ਨੇ ਉਨ੍ਹਾਂ ਦੇ ਹੁਨਰ ਨੂੰ ਹੋਰ ਨਿਖਾਰਿਆ। ਉਨ੍ਹਾਂ ਦਾ ਸਾਥ ਦਿੱਤਾ ਤੇ ਉਹ ਮੁੰਬਈ ਤੱਕ ਪਹੁੰਚ ਗਈ। ਪੁਰਾਣੇ ਸਮੇਂ ਵਿਚ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦੀਆਂ ਫਿਲਮਾਂ ਤੇ ਗਾਣਿਆਂ ਵਿਚ ਜਿੰਨੀਆਂ ਵੀ ਬੋਲੀਆਂ ਪਾਈਆਂ ਜਾਂਦੀਆਂ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਗੁਰਮੀਤ ਦੀ ਹੀ ਆਵਾਜ਼ ਹੁੰਦੀ ਸੀ।